Artical Books Éducation India International News National News Political Punjab Sarcasm Social Stories

ਉਹ ਕਾਲਾ ਦਿਨ ਆ ਗਿਆ ਜਦੋਂ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ

2️⃣0️⃣ ਅਪ੍ਰੈਲ,1848

ਅਜ ਦੇ ਦਿਨ ਮੁਲਤਾਨ ਦੇ ਗਵਰਨਰ ਦੀਵਾਨ ਮੂਲਰਾਜ (ਮਹਾਂਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੇ ਗਵਰਨਰ ) ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ ਸੀ। ਅੰਗਰੇਜ਼ ਪਹਿਲਾਂ ਹੀ ਅਜਿਹੇ ਮੌਕੇ ਦੀ ਤਾਕ ਵਿਚ ਬੈਠੇ ਸਨ,ਤਾਂ ਜੋ ਉਨ੍ਹਾਂ ਨੂੰ ਪੰਜਾਬ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਕੋਈ ਚੰਗਾ ਮੌਕਾ ਮਿਲ ਸਕੇ। ਹੁਣ ਅੰਗਰੇਜ਼ਾਂ ਨੇ ਸਿੱਖਾਂ ਨੂੰ ਉਕਸਾਇਆ ਤਾਂ ਜੋ ਬਾਗ਼ੀ ਸਿੱਖ ਇਕੱਠੇ ਹੋ ਕੇ ਬਗ਼ਾਵਤ ਲਈ ਤਿਆਰ ਹੋਣ।

ਇਤਿਹਾਸ*
ਸਾਰੇ ਪੰਜਾਬ ਨੂੰ ਇਕ ਝੰਡੇ ਹੇਠ ਇਕੱਠਾ ਕਰਨ ਦਾ ਸੁਪਨਾ ਜੋ ਸਿੱਖ ਬਹੁਤ ਸਮੇਂ ਤੋਂ ਦੇਖ ਰਹੇ ਸਨ, ਅਖੀਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾ ਕੇ ਪੂਰਾ ਹੋ ਗਿਆ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਾਰੇ ਪੰਜਾਬ ਨੂੰ ਇਕ ਝੰਡੇ ਹੇਠ ਇਕੱਠਾ ਕਰ ਦਿੱਤਾ। ਉਸ ਨੇ ਆਪਣੇ ਰਾਜ ਨੂੰ ਖਾਲਸਾ ਰਾਜ ਦਾ ਨਾਂਅ ਦਿੱਤਾ।

ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਹੀ ਅਨੁਮਾਨ ਲਾ ਲਿਆ ਸੀ ਕਿ ਉਸ ਤੋਂ ਬਾਅਦ ਅੰਗਰੇਜ਼ ਪੰਜਾਬ ਸਮੇਤ ਸਾਰੇ ਹਿੰਦੁਸਤਾਨ ‘ਤੇ ਕਬਜ਼ਾ ਕਰ ਲੈਣਗੇ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸਾਂ ਸਾਲਾਂ ਵਿਚ ਹੀ ਉਸ ਦਾ ਕਿਹਾ ਸੱਚ ਹੋ ਗਿਆ ਅਤੇ ਪੰਜਾਬ ਅੰਗਰੇਜ਼ੀ ਸਾਮਰਾਜ ਦੇ ਅਧੀਨ ਹੋ ਗਿਆ।

ਸੰਨ 1839 ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਪੰਜਾਬ ‘ਤੇ ਕਬਜ਼ਾ ਕਰਨ ਬਾਰੇ ਸੋਚਣ ਲੱਗੇ। ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਲਈ ਅੰਗਰੇਜ਼ਾਂ ਨੇ ਜੁਲਾਈ 1844 ਵਿਚ ਲਾਰਡ ਹਾਰਡਿੰਗ ਨੂੰ ਹਿੰਦੁਸਤਾਨ ਦਾ ਗਵਰਨਰ ਜਨਰਲ ਲਾਇਆ, ਜੋ ਕਿ ਇਕ ਹੰਢਿਆ-ਵਰਤਿਆ ਜਰਨੈਲ ਸੀ। ਇਸੇ ਸਾਲ ਅੰਗਰੇਜ਼ਾਂ ਨੇ ਸਤਲੁਜ ਦਰਿਆ ਦੇ ਕੰਢੇ ਅਸਲਾ ਤੇ ਸੈਨਿਕ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਲਾਹੌਰ ਵਿਚ ਸਿੱਖ ਫੌਜਾਂ ਨੂੰ ਤਿਆਰ ਕਰਨ ਲਈ ਕੋਈ ਨਹੀਂ ਸੀ ਰਿਹਾ। ਸਾਰੇ ਦਰਬਾਰੀ ਆਪਣੀਆਂ ਜਗੀਰਾਂ ਲਈ ਪੰਜਾਬ ਨੂੰ ਕੁਰਬਾਨ ਕਰਨ ਲਈ ਤਿਆਰ ਸਨ ਪਰ ਸਾਰੇ ਦਰਬਾਰੀ ਖਾਲਸਾ ਫੌਜ ਤੋਂ ਡਰਦੇ ਸਨ ਅਤੇ ਇਸ ਨੂੰ ਆਪਸ ਵਿਚ ਲੜਾ ਕੇ ਤਬਾਹ ਕਰਨਾ ਚਾਹੁੰਦੇ ਸਨ।

13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਜੰਗ ਦਾ ਐਲਾਨ ਕਰ ਦਿੱਤਾ। ਸਿੱਖ ਫੌਜ ਦੇ ਦੋਵੇਂ ਗ਼ਦਾਰ ਕਮਾਂਡਰ ਲਾਲ ਸਿੰਘ ਅਤੇ ਤੇਜਾ ਸਿੰਘ ਨੇ ਪਹਿਲਾਂ ਹੀ ਅੰਗਰੇਜ਼ਾਂ ਨਾਲ ਗੰਢ-ਤੁੱਪ ਕਰ ਲਈ ਸੀ। 18 ਦਸੰਬਰ,1845 ਨੂੰ ਮੁਦਕੀ ਦੇ ਸਥਾਨ ‘ਤੇ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਪਹਿਲੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਹੋਈ। ਇਸ ਲੜਾਈ ਵਿਚ ਲਗਪਗ 215 ਅੰਗਰੇਜ਼ ਸੈਨਿਕ ਮਾਰੇ ਗਏ ਅਤੇ ਸਿੱਖਾਂ ਦਾ ਇਸ ਤੋਂ ਕਿਤੇ ਵੱਧ ਜਾਨੀ-ਮਾਲੀ ਨੁਕਸਾਨ ਹੋਇਆ।

ਇਸ ਤੋਂ ਬਾਅਦ ਫਿਰੋਜ਼ਸ਼ਾਹ, ਬੱਦੋਵਾਲ ਅਤੇ ਅਲੀਵਾਲ ਦੀਆਂ ਲੜਾਈਆਂ ਹੋਈਆਂ। ਸਿੱਖ ਜਰਨੈਲਾਂ ਦੀ ਗੱਦਾਰੀ ਕਾਰਨ ਇਨ੍ਹਾਂ ਲੜਾਈਆਂ ਵਿਚ ਸਿੱਖਾਂ ਦਾ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ।

ਪਹਿਲੇ ਐਂਗਲੋ-ਸਿੱਖ ਯੁੱਧ ਦੀ ਆਖਰੀ ਲੜਾਈ ਸਭਰਾਉਂ ਵਿਖੇ 10 ਫਰਵਰੀ,1846 ਨੂੰ ਲੜੀ ਗਈ। ਇਸ ਲੜਾਈ ਵਿਚ ਵੀ ਗ਼ਦਾਰ ਲਾਲ ਸਿੰਘ ਨੇ ਪਹਿਲਾਂ ਹੀ ਸਿੱਖ ਫੌਜ ਦੇ ਮੋਰਚਿਆਂ ਦੇ ਨਕਸ਼ੇ ਦੁਸ਼ਮਣ ਕੋਲ ਪਹੁੰਚਾ ਦਿੱਤੇ ਸਨ।

ਪਰ ਸਮੇਂ ‘ਤੇ ਆ ਕੇ ਸ: ਸ਼ਾਮ ਸਿੰਘ ਅਟਾਰੀ ਵਾਲਾ ਨੇ ਸਿੱਖ ਫੌਜ ਦੀ ਕਮਾਨ ਸੰਭਾਲ ਲਈ। ਉਹ ਏਨੀ ਬਹਾਦਰੀ ਨਾਲ ਲੜਿਆ ਕਿ ਅੰਗਰੇਜ਼ਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ।ਅੰਤ ਸ਼ਾਮ ਸਿੰਘ ਅਟਾਰੀ ਵਾਲਾ ਲੜਦਾ ਹੋਇਆ ਸ਼ਹੀਦ ਹੋ ਗਿਆ, ਜਿਸ ਤੋਂ ਬਾਅਦ ਸਿੱਖ ਫੌਜ ਦਾ ਹੌਸਲਾ ਟੁੱਟ ਗਿਆ ਅਤੇ ਸਿੱਖ ਫੌਜ ਦੀ ਜਿੱਤ ਹਾਰ ਵਿਚ ਬਦਲ ਗਈ।

ਅੰਗਰੇਜ਼ਾਂ ਨੇ ਭੈਰੋਵਾਲ ਦੀ ਸੰਧੀ ਅਨੁਸਾਰ ਦਲੀਪ ਸਿੰਘ ਦੇ ਨਾਬਾਲਗ ਹੋਣ ਕਰਕੇ ਲਾਹੌਰ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਅਧੀਨ ਕਰਕੇ ਬ੍ਰਿਟਿਸ਼ ਰੈਜ਼ੀਡੈਂਟ ਦੀ ਅਗਵਾਈ ਅਤੇ ਸਲਾਹ ਅਧੀਨ ਕਰ ਦਿੱਤਾ। ਰਾਣੀ ਜਿੰਦਾਂ ਦੀ ਸਾਰੀ ਤਾਕਤ ਖੋਹ ਲਈ ਅਤੇ ਉਸ ਨੂੰ ਗੁਜ਼ਾਰੇ ਲਈ ਡੇਢ ਲੱਖ ਰੁਪਏ ਸਾਲਾਨਾ ਪੈਨਸ਼ਨ ਲਗਾ ਦਿੱਤੀ।

ਸੰਨ 1848 ਵਿਚ ਲਾਰਡ ਹਾਰਡਿੰਗ ਦੀ ਥਾਂ ‘ਤੇ ਲਾਰਡ ਡਲਹੌਜ਼ੀ ਹਿੰਦੁਸਤਾਨ ਦਾ ਗਵਰਨਰ ਜਨਰਲ ਬਣ ਕੇ ਆਇਆ। ਉਹ ਅੰਗਰੇਜ਼ੀ ਰਾਜ ਨੂੰ ਇੱਥੇ ਹੋਰ ਵਧੇਰੇ ਫੈਲਾਉਣ ਵਿਚ ਵਿਸ਼ਵਾਸ ਰੱਖਦਾ ਸੀ।

20 ਅਪ੍ਰੈਲ,1848 ਨੂੰ ਮੁਲਤਾਨ ਦੇ ਗਵਰਨਰ ਦੀਵਾਨ ਮੂਲਰਾਜ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ। ਅੰਗਰੇਜ਼ ਪਹਿਲਾਂ ਹੀ ਅਜਿਹੇ ਮੌਕੇ ਦੀ ਤਾਕ ਵਿਚ ਬੈਠੇ ਸਨ,ਤਾਂ ਜੋ ਉਨ੍ਹਾਂ ਨੂੰ ਪੰਜਾਬ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਕੋਈ ਚੰਗਾ ਮੌਕਾ ਮਿਲ ਸਕੇ। ਹੁਣ ਅੰਗਰੇਜ਼ਾਂ ਨੇ ਸਿੱਖਾਂ ਨੂੰ ਉਕਸਾਇਆ ਤਾਂ ਜੋ ਬਾਗ਼ੀ ਸਿੱਖ ਇਕੱਠੇ ਹੋ ਕੇ ਬਗ਼ਾਵਤ ਲਈ ਤਿਆਰ ਹੋਣ।

ਰਾਣੀ ਜਿੰਦਾਂ ‘ਤੇ ਦੇਸ਼-ਧ੍ਰੋਹ ਦਾ ਦੋਸ਼ ਲਗਾ ਕੇ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਮਹਾਰਾਣੀ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਾਰਨ ਖਾਲਸਾ ਫੌਜ ਵਿਚ ਗੁੱਸੇ ਦੀ ਲਹਿਰ ਜਾਗ ਪਈ।

ਉੱਤਰ-ਪੱਛਮ ਵਿਚ ਚਤਰ ਸਿੰਘ ਅਟਾਰੀ ਵਾਲਾ ਨੇ ਬਗਾਵਤ ਕਰ ਦਿੱਤੀ। ਕੁਝ ਸਮੇਂ ਬਾਅਦ ਉਸ ਦਾ ਪੁੱਤਰ ਸ਼ੇਰ ਸਿੰਘ ਵੀ ਉਸ ਦੀ ਮਦਦ ਲਈ ਆ ਗਿਆ। ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ।

ਚਨਾਬ ਦੇ ਕੰਢੇ ਜੰਗ ਹੋਣੀ ਮਿਥੀ ਗਈ।ਪਹਿਲੇ ਐਂਗਲੋ-ਸਿੱਖ ਯੁੱਧ ਦੀ ਸੰਧੀ ਅਨੁਸਾਰ ਖਾਲਸਾ ਫੌਜ ਦੇ ਹਥਿਆਰ ਪਹਿਲਾਂ ਹੀ ਅੰਗਰੇਜ਼ਾਂ ਕੋਲ ਜਮ੍ਹਾਂ ਸਨ ਅਤੇ ਫੌਜ ਦੀ ਗਿਣਤੀ ਵੀ ਕਾਫੀ ਘਟਾ ਦਿੱਤੀ ਸੀ।
ਹੁਣ ਖਾਲਸਾ ਫੌਜ ਦਾ ਸਰਦਾਰ ਸ਼ੇਰ ਸਿੰਘ ਸੀ।

22 ਨਵੰਬਰ 1848 ਨੂੰ ਦੂਸਰੇ ਐਂਗਲੋ-ਸਿੱਖ ਯੁੱਧ ਦੀ ਪਹਿਲੀ ਲੜਾਈ ਰਾਮਨਗਰ ਦੀ ਲੜਾਈ ਸੀ,ਜਿਸ ਵਿਚ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
3 ਜਨਵਰੀ 1849 ਨੂੰ ਚੇਲਿਆਂ ਵਾਲੀ ਦੇ ਮੈਦਾਨ ਵਿਚ ਦੂਜੀ ਲੜਾਈ ਹੋਈ। ਸਿੱਖ ਲੜਾਈ ਵਿਚ ਬੜੀ ਬਹਾਦਰੀ ਨਾਲ ਲੜੇ, ਬਹੁਤ ਸਾਰੇ ਅੰਗਰੇਜ਼ ਸੈਨਿਕ ਮਾਰੇ ਗਏ।ਅੰਗਰੇਜ਼ ਚਨਾਬ ਦਰਿਆ ਦੇ ਕੰਢੇ ਤੱਕ ਪਿਛਾਂਹ ਹਟ ਗਏ।

21 ਫਰਵਰੀ,1849 ਨੂੰ ਗੁਜਰਾਤ ਦੀ ਲੜਾਈ ਹੋਈ। ਇਸ ਲੜਾਈ ਵਿਚ ਵੀ ਖਾਲਸਾ ਫੌਜ ਨੇ ਬੜੀ ਬਹਾਦਰੀ ਦੇ ਜੌਹਰ ਦਿਖਾਏ,ਪਰ ਸਿੱਖਾਂ ਦੀ ਹਾਰ ਹੋਈ। ਅੰਗਰੇਜ਼ਾਂ ਨੇ ਸਿੱਖਾਂ ਦਾ ਪਿੱਛਾ ਕਰਕੇ ਉਨ੍ਹਾਂ ਦਾ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਕੀਤਾ।

11 ਮਾਰਚ,1849 ਨੂੰ ਬਚੀ ਹੋਈ ਖਾਲਸਾ ਫੌਜ ਨੇ ਰਾਵਲਪਿੰਡੀ ਨਜ਼ਦੀਕ ਹਰਮੋਕ ਨਾਮੀ ਸਥਾਨ ਵਿਖੇ ਮੇਜਰ ਜਨਰਲ ਗਿਲਬਰਟ ਅੱਗੇ ਹਥਿਆਰ ਸੁੱਟ ਦਿੱਤੇ। ਬਹੁਤ ਸਾਰੇ ਸਿੱਖ ਸੈਨਿਕ ਰੋ ਰਹੇ ਸਨ, ਬਹੁਤਿਆਂ ਦੇ ਚਿਹਰਿਆਂ ‘ਤੇ ਗੁੱਸੇ ਦੇ ਚਿੰਨ੍ਹ ਸਨ।

ਇਕ ਪੁਰਾਣੇ ਸਿੱਖ ਸਰਦਾਰ ਨੇ ਕਿਹਾ ਕਿ ‘ਅੱਜ ਰਣਜੀਤ ਸਿੰਘ ਮਰ ਗਿਆ।’

ਅੰਤ 29 ਮਾਰਚ,1849 ਦਾ ਉਹ ਕਾਲਾ ਦਿਨ ਆ ਗਿਆ ਜਦੋਂ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ ਹੈ ਅਤੇ ਅੱਜ ਤੋਂ ਇਹ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਹੈ।
ਸ਼ਹੀਦਾਂ ਨੂੰ ਸਲਾਮ।

Related posts

2️⃣1️⃣ ਮਈ,1924 ਦੇਸ਼ ਦੀ ਅਜ਼ਾਦੀ ਲਈ ਜੂਝਣ ਵਾਲੇ ਭਾਈ ਵਰਿਆਮ ਸਿੰਘ ਜੀ ਬਬਰ ਜੀ ਨੂੰ 1924 ਵਿੱਚ ਅੱਜ ਦੇ ਦਿਨ 21 ਮਈ ਨੂੰ ਜ਼ਾਲਮ ਅੰਗਰੇਜਾਂ ਨੇ ਫਾਂਸੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਸੀ।

INP1012

ਵਿਵਾਦਾਂ ’ਚ ਘਿਰੇ ਪੁਲੀਸ ਅਫ਼ਸਰਾਂ ਕੋਲ ਕੋਈ ਪੋਸਟਿੰਗ ਨਹੀਂ

INP1012

‘ਪੰਜਾਬ ਵਿਚ ਧੜਾ-ਧੜ ਲੱਗ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਬਾਰੇ ਜਵਾਬ ਦੇਣ ਭਗਵੰਤ ਮਾਨ’

INP1012

Leave a Comment