Artical Books Featured India International News National News ਧਾਰਮਿਕ

2️⃣1️⃣ਅਪ੍ਰੈਲ,2022 ਅਨੁਸਾਰ 8️⃣ਵੈਸਾਖ,554 400 ਸਾਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ

2️⃣1️⃣ਅਪ੍ਰੈਲ,2022 ਅਨੁਸਾਰ 8️⃣ਵੈਸਾਖ,554
400 ਸਾਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ

ਪ੍ਰਕਾਸ਼/ਅਸਥਾਨ: 01 ਅਪ੍ਰੈਲ,1621
ਗੁਰੂ ਕੇ ਮਹਿਲ,ਸ੍ਰੀ ਅੰਮ੍ਰਿਤਸਰ ਸਾਹਿਬ
ਹੁਣ 8 ਵੈਸਾਖ,554 21 ਅਪ੍ਰੈਲ,2022 ਅਨੁਸਾਰ

ਗੁਰਿਆਈ/ਉਮਰ ਤੇ ਸਮਾਂ : 16 ਅਪ੍ਰੈਲ,1664 ਜਾਂ 20 ਮਾਰਚ 1665 ਈ 43 ਸਾਲ/11 ਸਾਲ 6 ਮਹੀਨੇ
ਹੁਣ 2 ਵੈਸਾਖ,554 15 ਅਪ੍ਰੈਲ,2022 ਅਨੁਸਾਰ

ਸ਼ਹੀਦੀ/ਸਥਾਨ/ਉਮਰ: 11-11-1675
ਚਾਂਦਨੀ ਚੌਂਕ, ਦਿੱਲੀ/54 ਸਾਲ
ਹੁਣ 13 ਮੱਘਰ,554 28 ਨਵੰਬਰ,2022

ਪਿਤਾ/ਮਾਤਾ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ/ਨਾਨਕੀ ਜੀ
ਸੁਪੱਤਨੀ(ਮਹਿਲ)/ਵਿਵਾਹ: ਗੁਜਰੀ ਜੀ/ਅਕਤੂਬਰ 1632
ਸੰਤਾਨ:- ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਬਾਣੀ ਰਚਨਾ : 116 ਸ਼ਬਦ ਤੇ ਸਲੋਕ, 16 ਰਾਗਾਂ ਵਿਚ
ਸਮਕਾਲੀ ਹੁਕਮਰਾਨ: ਔਰੰਗਜ਼ੇਬ

ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਸਿੱਖ ਧਰਮ ਅੰਦੋਲਨ ਦੇ ਆਪ 9ਵੇਂ ਗੁਰੂ ਸਾਹਿਬ ਹਨ। ਆਪ ਦਾ ਪ੍ਰਕਾਸ਼ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਸੰਨ 1621 ਈ. (ਵਿਸਾਖ ਵਦੀ 5, 1678 ਬਿ.) ਨੂੰ ਅੰਮਿ੍ਤਸਰ ਵਿਚ ਹੋਇਆ।

ਬਚਪਨ ਤੋਂ ਹੀ ਆਪ ਵੈਰਾਗੀ ਰੁਚੀ ਵਾਲੇ ਗੰਭੀਰ ਧਰਮ-ਸਾਧਕ ਅਤੇ ਤਪਸਵੀ ਮਹਾਪੁਰਸ਼ ਸਨ। ਆਪ ਜੀ ਦਾ ਵਿਆਹ ਕਰਤਾਰਪੁਰ ਦੇ ਨਿਵਾਸੀ ਭਾਈ ਲਾਲ ਚੰਦ ਜੀ ਦੀ ਸਪੁੱਤਰੀ ਗੁਜਰੀ ਨਾਲ ਸੰਨ 1632 ਈ.(15 ਅਸੂ , 1689 ਬਿ.) ਵਿਚ ਹੋਇਆ।

ਪਿਤਾ-ਗੁਰੂ ਹਰਿਗੋਬਿੰਦ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਦ ਸੰਨ 1644 ਈ. ਵਿਚ ਆਪ ਆਪਣੀ ਪਤਨੀ ਅਤੇ ਮਾਤਾ ਸਹਿਤ ਬਕਾਲਾ ਪਿੰਡ ਵਿਚ ਆ ਵਸੇ ਜੋ ਸਮਾ ਪਾ ਕੇ ਆਪ ਜੀ ਦੇ ਨਾਂ’ ਤੇ ‘ਬਾਬਾ ਬਕਾਲਾ ’ ਕਰਕੇ ਪ੍ਰਸਿੱਧ ਹੋਇਆ।

ਆਪ ਦੇ ਪਿਤਾ ਗੁਰੂ ਹਰਿਗੋਬਿੰਦ ਜੀ ਦੇ ਅਕਾਲ ਚਲਾਣੇ ਤੋਂ ਬਾਦ ਗੁਰੂ ਹਰਿਰਾਇ ਜੀ ਅਤੇ ਗੁਰੂ ਹਰਿਕ੍ਰਿਸ਼ਨ ਜੀ ਕ੍ਰਮਵਾਰ ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਬਣੇ। ਬਾਲ ਕਾਲ ਵਿਚ ਜੋਤੀ-ਜੋਤਿ ਸਮਾਉਣ ਕਾਰਣ ਅੱਠਵੇਂ ਗੁਰੂ ਜੀ ਨੇ ਗੁਰੂ-ਗੱਦੀ ਦੇ ਉਤਰਾਧਿਕਾਰੀ ਬਾਰੇ ਕੇਵਲ ‘ਬਾਬਾ ਬਕਾਲੇ’ ਸ਼ਬਦ ਕਹੇ। ਇਸ ਅਸਪੱਸ਼ਟ ਸੰਕੇਤ ਕਾਰਣ ਗੱਦੀ ਦੇ ਕਈ ਦਾਵੇਦਾਰ ਖੜੇ ਹੋ ਗਏ। ਆਖ਼ਿਰ ਭਾਈ ਮੱਖਣ ਸ਼ਾਹ ਲੁਬਾਣਾ ਨੇ ਆਪਣੀ ਮੰਨਤ ਭੇਟਾ ਕਰਨ ਲਈ ਸੂਖਮ ਦ੍ਰਿਸ਼ਟੀ ਨਾਲ 22 ਅਖੌਤੀ ਗੱਦੀਆਂ ਵਿਚੋਂ ਸਚੇ ਗੁਰੂ ਨੂੰ ਲਭ ਲਿਆ।

ਆਪ 20 ਮਾਰਚ 1665 ਈ. (ਚੇਤ ਸੁਦੀ 14, 1722 ਬਿ.) ਨੂੰ 43 ਵਰ੍ਹਿਆਂ ਦੀ ਉਮਰ ਵਿਚ ਗੁਰੂ-ਗੱਦੀ ਉਤੇ ਬੈਠੇ।ਤਦ-ਉਪਰੰਤ ਆਪ ਕਈ ਗੁਰੂ-ਧਾਮਾਂ ਦੀ ਯਾਤ੍ਰਾ ਕਰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ। ਕੁਝ ਸਮਾਂ ਉਥੇ ਟਿਕੇ ਅਤੇ ਫਿਰ ਨੈਣਾ ਦੇਵੀ ਦੇ ਨੇੜੇ ਸਤਲੁਜ ਨਦੀ ਦੇ ਕੰਢੇ, ਮਾਖੋਵਾਲ ਪਿੰਡ ਦੀ ਧਰਤੀ ਪਹਾੜੀ ਰਾਜਿਆਂ ਤੋਂ ਖਰੀਦ ਕੇ ਸੰਨ 1666 ਈ. (ਸੰਨ 1723 ਬਿ.) ਵਿਚ ਆਨੰਦਪੁਰ ਬਸਤੀ ਦੀ ਸਥਾਪਨਾ ਕੀਤੀ ਜੋ ਬਾਦ ਵਿਚ ਖ਼ਾਲਸੇ ਦੀ ਜਨਮ ਭੂਮੀ ਵਜੋਂ ਪ੍ਰਸਿੱਧ ਹੋਈ।

ਇਸ ਤੋਂ ਬਾਦ ਆਪ ਧਰਮ-ਪ੍ਰਚਾਰ ਲਈ ਯਾਤ੍ਰਾ ਉਤੇ ਨਿਕਲ ਪਏ ਅਤੇ ਮਾਲਵਾ ਤੇ ਬਾਂਗਰ ਖੇਤਰਾਂ ਵਿਚੋਂ ਹੁੰਦੇ ਹੋਏ ਅਹੀਆਪੁਰ (ਅਲਾਹਾਬਾਦ) ਪਹੁੰਚੇ ਅਤੇ ਫਿਰ ਉਥੋਂ ਬਨਾਰਸ, ਪਟਨਾ ਅਤੇ ਗਯਾ ਆਦਿ ਥਾਂਵਾਂ ਉਤੇ ਗਏ। ਪਰਿਵਾਰ ਨੂੰ ਪਟਨੇ ਛਡ ਕੇ ਉਥੋਂ ਪਹਿਲਾਂ ਬੰਗਾਲ ਵਲ ਗਏ ਅਤੇ ਕੁਝ ਸਮੇਂ ਲਈ ਢਾਕੇ ਵਿਚ ਵੀ ਰਹੇ।
ਆਪ ਦੇ ਪਿਛੋਂ ਪਟਨਾ ਵਿਚ ਬਾਲਕ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ ਜੀ) ਦਾ 22 ਦਸੰਬਰ 1666 ਈ. (ਪੋਹ ਸੁਦੀ ਸਪਤਮੀ, 1723 ਬਿ.) ਹੁਣ 14 ਪੋਹ,554 29 ਦਸੰਬਰ,2022 ਅਨੁਸਾਰ) ਨੂੰ ਪ੍ਰਕਾਸ਼ ਹੋਇਆ। ਆਪ ਜੋਧਪੁਰ ਦੇ ਰਾਜਾ ਰਾਮ ਸਿੰਘ ਨਾਲ ਅਸਾਮ ਦੀ ਮੁਹਿੰਮ ਉਤੇ ਚਲੇ ਗਏ ਅਤੇ ਉਥੋਂ ਦਾ ਸਾਰਾ ਮਾਮਲਾ ਸ਼ਾਂਤੀ- ਪੂਰਵਕ ਹਲ ਕੀਤਾ। ਉਥੋਂ ਵਾਪਸ ਆ ਕੇ ਕੁਝ ਸਮਾਂ ਆਪ ਪਟਨਾ ਨਗਰ ਵਿਚ ਟਿਕੇ ਅਤੇ ਫਿਰ ਪਰਿਵਾਰ ਨੂੰ ਉਥੇ ਛਡ ਕੇ ਸੰਨ 1668 ਈ. ਵਿਚ ਸ੍ਰੀ ਆਨੰਦਪੁਰ ਸਾਹਿਬ ਪਰਤ ਆਏ। ਸੰਨ 1672 ਈ. ਵਿਚ ਪਟਨੇ ਤੋਂ ਆਪਣੇ ਪਰਿਵਾਰ ਨੂੰ ਵੀ ਉਥੇ ਬੁਲਵਾ ਲਿਆ।

ਕੁਝ ਵਰ੍ਹੇ ਆਪ ਸ੍ਰੀ ਆਨੰਦਪੁਰ ਸਾਹਿਬ ਵਿਚ ਧਰਮ-ਪ੍ਰਚਾਰ ਕਰਦੇ ਰਹੇ। ਇਸੇ ਦੌਰਾਨ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਨੂੰ ਸਮੂਹਿਕ ਤੌਰ ‘ਤੇ ਮੁਸਲਮਾਨ ਬਣਾਉਣ ਦੀ ਯੋਜਨਾ ਨੂੰ ਸਭ ਤੋਂ ਪਹਿਲਾਂ ਕਸ਼ਮੀਰ ਚ ਲਾਗੂ ਕਰਨ ਦਾ ਯਤਨ ਕੀਤਾ।ਫਲਸਰੂਪ ਕਸ਼ਮੀਰ ਦੇ ਬ੍ਰਾਹਮਣ ਆਪਣੇ ਧਰਮ ਦੀ ਰਖਿਆ ਲਈ ਆਪ ਦੀ ਸ਼ਰਣ ਵਿਚ ਆਏ ਅਤੇ ਸੰਨ 1675 ਈ. ਵਿਚ ਉਨ੍ਹਾਂ ਦੇ ਧਾਰਮਿਕ ਸੰਕਟ ਨੂੰ ਖ਼ਤਮ ਕਰਨ ਲਈ ਕੁਝ ਸਿੱਖ-ਸੇਵਕਾਂ ਨੂੰ ਨਾਲ ਲੈ ਕੇ ਆਪ ਦਿੱਲੀ ਵਲ ਚਲ ਪਏ। ਯਾਤ੍ਰਾ ਦੌਰਾਨ ਆਪ ਕਈ ਨਗਰਾਂ/ ਉਪਨਗਰਾਂ ਵਿਚ ਠਹਿਰੇ ਅਤੇ ਧਰਮ ਪ੍ਰਤਿ ਦ੍ਰਿੜ੍ਹਤਾ ਦਾ ਪ੍ਰਚਾਰ ਕਰਦੇ ਰਹੇ। ਦਿੱਲੀ ਪਹੁੰਚਣ ਤੋਂ ਪਹਿਲਾਂ ਆਪ ਨੂੰ ਆਗਰੇ ਵਿਚ ਬੰਦੀ ਬਣਾ ਲਿਆ ਗਿਆ। ਔਰੰਗਜ਼ੇਬ ਵਲੋਂ ਮੁਸਲਮਾਨ ਬਣਨ ਦੀ ਹਰ ਪ੍ਰਕਾਰ ਦੀ ਪੇਸ਼ਕਸ਼ ਨੂੰ ਆਪ ਨੇ ਠੁਕਰਾ ਦਿੱਤਾ।

ਔਰੰਗਜ਼ੇਬ ਨੇ ਆਪ ਨੂੰ 11 ਨਵੰਬਰ 1675 ਈ. (ਮਘਰ ਸੁਦੀ 5, 1732 ਬਿ.) ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉਤੇ ਸ਼ਹੀਦ ਕਰਵਾ ਦਿੱਤਾ।

ਆਪ ਦੇ ਨਾਲ ਗਏ ਸਿੱਖ-ਸੇਵਕਾਂ ਵਿਚੋਂ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਨੂੰ ਵੀ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ। ਆਪ ਦੇ ਸ਼ਰੀਰ (ਕੇਵਲ ਧੜ) ਦਾ ਸਸਕਾਰ ਭਾਈ ਲੱਖੀ ਸ਼ਾਹ ਨੇ ਰਾਏਸੀਨਾ ਪਿੰਡ ਵਿਚ ਆਪਣੇ ਘਰ ਦੇ ਅੰਦਰ ਉਸ ਸਥਾਨ ਉੱਤੇ ਕੀਤਾ ਜਿਥੇ ਹੁਣ ਗੁਰਦੁਆਰਾ ਰਕਾਬਗੰਜ (ਨਵੀਂ ਦਿੱਲੀ) ਬਣਿਆ ਹੋਇਆ ਹੈ।
ਆਪ ਦੇ ਸੀਸ ਨੂੰ ਚਾਦਰ ਵਿਚ ਲਪੇਟ ਕੇ ਭਾਈ ਜੈਤਾ ਜੀ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ,ਜਿਥੇ ਬਾਲਕ ਗੋਬਿੰਦ ਰਾਇ(ਗੁਰੂ ਗੋਬਿੰਦ ਸਿੰਘ ਸਾਹਿਬ ਜੀ) ਨੇ ਬੜੇ ਸਤਿਕਾਰ ਨਾਲ ਦਾ ਸਸਕਾਰ ਕੀਤਾ। ਇਸ ਉੱਦਮ ਕਾਰਣ ਇਤਿਹਾਸ ਵਿਚ ਭਾਈ ਜੈਤਾ ਨੂੰ ‘ਗੁਰੂ ਕਾ ਬੇਟਾ ‘ ਅਖਵਾਉਣ ਦਾ ਸਨਮਾਨ ਪ੍ਰਾਪਤ ਹੋਇਆ। ‘ਬਚਿਤ੍ਰ ਨਾਟਕ’ ਵਿਚ ਆਪ ਦੇ ਮਹਾ-ਬਲਿਦਾਨ ਦੀ ਘਟਨਾ ਬਾਰੇ ਲਿਖਿਆ ਹੈ
ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭੁਪੁਰ ਕੀਯਾ ਪਯਾਨ।
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।

ਆਪ ਕੁਲ 11 ਸਾਲ 6 ਮਹੀਨੇ ਗੁਰੂ-ਗੱਦੀ ਉਤੇ ਬਿਰਾਜਮਾਨ ਰਹੇ। ਆਪ ਜੀ ਦੀ ਸ਼ਹੀਦੀ ਤੋਂ ਬਾਦ ਆਪ ਦੇ ਸੁਪੁੱਤਰ ਗੋਬਿੰਦ ਰਾਇ ਜੀ ਗੁਰੂ-ਗੱਦੀ ਉਤੇ ਬੈਠੇ, ਜਿਨ੍ਹਾਂ ਨੇ ਕੌਮ ਨੂੰ ਇਕ ਨਵੀਂ ਸੇਧ ਦੇ ਕੇ ਦੇਸ਼/ਕੌਮ ਦਾ ਕਲਿਆਣ ਕੀਤਾ।

ਆਪ ਜੀ ਸ਼ੁਰੂ ਤੋਂ ਹੀ ਸੰਸਾਰਿਕਤਾ ਪ੍ਰਤਿ ਤਿਆਗ ਅਤੇ ਵੈਰਾਗ ਦੀ ਭਾਵਨਾ ਕਾਰਣ ਹਰਿ ਭਗਤੀ ਵਿਚ ਲੀਨ ਰਹਿੰਦੇ ਸਨ ਪਰ ਗੁਰੂ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਆਤਮ-ਰੱਖਿਆ ਲਈ ਸ਼ੁਰੂ ਕੀਤੀ ਸੈਨਿਕ ਕ੍ਰਾਂਤੀ ਦੀ ਮੁਹਿੰਮ ਵਿਚ ਆਪ ਨੇ 13/14 ਸਾਲਾਂ ਦੀ ਉਮਰ ਵਿਚ ਕਰਤਾਰਪੁਰ ਦੇ ਯੁੱਧ ਵਿਚ ਹਿੱਸਾ ਲਿਆ ਅਤੇ ਯੁੱਧ-ਭੂਮੀ ਵਿਚ ਸੈਨਿਕ ਪਰਾਕ੍ਰਮ ਦਿਖਾਉਣ ਕਾਰਣ ਪਿਤਾ-ਗੁਰੂ ਵਲੋਂ ਜੁਝਾਰੂ ਨਾਂ ‘ਤੇਗ ਬਹਾਦਰ’ ਪ੍ਰਾਪਤ ਕੀਤਾ।
ਆਪ ਦੇ ਹਿਰਦੇ ਅੰਦਰ ਦੇਸ਼-ਵਾਸੀਆਂ/ਕੌਮ ਦੇ ਕਲਿਆਣ ਦੀ ਭਾਵਨਾ ਸਦਾ ਜਾਗਦੀ ਰਹਿੰਦੀ। ਇਹੀ ਕਾਰਣ ਹੈ ਕਿ ਅਸਾਮ ਦੀ ਮੁਹਿੰਮ ਵੇਲੇ ਲੜਾਈ ਵਿਚ ਦੋਹਾਂ ਪਾਸਿਓ ਆਪਣਿਆਂ ਦਾ ਨੁਕਸਾਨ ਹੁੰਦਿਆਂ ਨ ਸਹਾਰ ਕੇ ਸ਼ਾਂਤੀ-ਪੂਰਵਕ ਵਿਰੋਧ ਦਾ ਮਾਮਲਾ ਖ਼ਤਮ ਕੀਤਾ ਅਤੇ
ਕਸ਼ਮੀਰੀ ਪੰਡਿਤਾਂ ਦੇ ਸੰਕਟ ਨੂੰ ਆਪਣਾ ਸੰਕਟ ਸਮਝ ਕੇ ਆਪਣਾ ਆਪ ਕੁਰਬਾਨ ਕਰ ਦਿੱਤਾ।
ਆਪਣਾ ਬਲਿਦਾਨ ਉਨ੍ਹਾਂ ਨੇ ਸਵੈ-ਇੱਛਾ ਅਧੀਨ ਦਿੱਤਾ। ਇਕ ਸਮਕਾਲੀ ਭੱਟ ਨੇ ਕਿਹਾ ਹੈ
ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨ ਛੋੜੀਏ।
ਗੁਰ ਤੇਗ ਬਹਾਦਰ ਬੋਲਿਆ ਪਰ ਪਈਏ ਧਰਮੁ ਨ ਛੋੜੀਏ।

ਭਾਰਤੀ ਸੰਸਕ੍ਰਿਤੀ ਅਨੇਕ ਗੌਰਵਪੂਰਣ ਪਰੰਪਰਾਵਾਂ ਨਾਲ ਭਰਪੂਰ ਹੈ। ਤਪ, ਸੰਜਮ, ਵੀਰਤਾ, ਤਿਆਗ, ਸੇਵਾ ਆਦਿ ਨਾਲ ਸੰਬੰਧਿਤ ਅਨੇਕ ਘਟਨਾਵਾਂ ਨਾਲ ਭਾਰਤੀ ਇਤਿਹਾਸ ਭਰਿਆ ਪਿਆ ਹੈ, ਪਰ ਅਜੇ ਤਕ ਬਲਿਦਾਨ ਜਾਂ ਸ਼ਹੀਦੀ ਦੀ ਘਾਟ ਸੀ। ਸਾਮੀ ਸੰਸਕ੍ਰਿਤੀ ਵਿਚ ਹਜ਼ਰਤ ਈਸਾ ਦਾ ਸਲੀਬ ਉਤੇ ਚੜ੍ਹਨਾ, ਕਰਬਲਾ ਦੇ ਮੈਦਾਨ ਵਿਚ ਇਮਾਮ ਹੁਸੈਨ ਦਾ ਸ਼ਹੀਦ ਹੋਣਾ ਯੁਗ-ਪਲਟਾਉਣ ਵਾਲੀਆਂ ਘਟਨਾਵਾਂ ਸਨ ਜਿਨ੍ਹਾਂ ਤੋਂ ਉਨ੍ਹਾਂ ਧਰਮਾਂ ਦੇ ਅਨੁਯਾਈ ਹੁਣ ਤਕ ਪ੍ਰੇਰਣਾ ਲੈਂਦੇ ਆ ਰਹੇ ਸਨ।

ਮੌਲਾਨਾ ਮੁਹੰਮਦ ਅਲੀ ਅਨੁਸਾਰ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਦ ਭਾਰਤੀ ਸੰਸਕ੍ਰਿਤੀ ਵਿਚ ਬਲਿਦਾਨ ਦੀ ਪਰੰਪਰਾ ਦਾ ਆਰੰਭ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਹੋਇਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਬਲਿਦਾਨ ਨਾਲ ਇਸ ਅੱਗ ਨੇ ਭਾਂਬੜ ਦਾ ਰੂਪ ਧਾਰਣ ਕਰ ਲਿਆ ਤੇ ਫਿਰ ਸ਼ਹਾਦਤ ਜਾਂ ਬਲਿਦਾਨ ਦੀ ਪਰੰਪਰਾ ਦਾ ਵਿਕਾਸ ਹੋਣ ਲਗ ਗਿਆ।

ਬਾਣੀ ਰਚਨਾ ਆਪ ਨੇ ਸਮੇਂ ਸਮੇਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ 15 ਰਾਗਾਂ ਵਿਚ 59 ਸ਼ਬਦਾਂ (ਚਉਪਦਿਆਂ) ਦੀ ਰਚਨਾ ਕੀਤੀ ਹੈ ਅਤੇ 57 ਸ਼ਲੋਕ ਵੀ ਲਿਖੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਸੰਕਲਿਤ ਹਨ।

ਬਲਿਦਾਨ ਜਾਂ ਸ਼ਹਾਦਤ ਦੀ ਲੋੜ ਕਿਉਂ ਪੈਂਦੀ ਹੈ ?
ਅਨਿਆਂ ਦਾ ਵੱਧ ਜਾਣ,ਅਨਿਆਂ ਅਗੇ ਨ ਝੁਕਣਾ ਜਾਂ ਉਸ ਨੂੰ ਸਵੀਕਾਰ ਨ ਕਰਨਾ ਵਿਅਕਤੀ ਨੂੰ ਦੋ ਦਿਸ਼ਾਵਾਂ ਵਿਚੋਂ ਕਿਸੇ ਇਕ ਦਿਸ਼ਾ ਵਲ ਵਧਣ ਲਈ ਪ੍ਰੇਰਿਤ ਕਰਦਾ ਹੈ। ਇਕ ਦਿਸ਼ਾ ਹੈ ਅਨਿਆਂ ਪ੍ਰਤਿ ਵਿਰਕਤ ਹੋ ਜਾਣਾ ਭਾਵ ਜੋ ਕੁਝ ਹੋ ਰਿਹਾ ਹੈ, ਉਸ ਨਾਲ ਕੋਈ ਸਰੋਕਾਰ ਨ ਰਖ ਕੇ ਅਲਗ-ਥਲਗ ਹੋ ਜਾਣਾ ਜਿਵੇਂ ਭਾਈ ਗੁਰਦਾਸ ਅਨੁਸਾਰ ਸਿੱਧਾਂ ਨੇ ਸਮਕਾਲੀ ਹਾਲਾਤ ਵਿਚ ਜੂਝਣ ਦੀ ਥਾਂ ਪਰਬਤਾਂ ਵਲ ਕਿਨਾਰਾਕਸ਼ੀ ਕਰ ਲਈ ਸੀ
ਸਿਧਿ ਛਪਿ ਬੈਠੇ ਪਰਬਤੀ ਕਉ ਜਗਤਿ ਕਉ ਪਾਰਿ ਉਤਾਰਾ॥ (1/29)।

ਅਨਿਆਂ ਪ੍ਰਤਿ ਅਸਵੀਕਾਰ ਦੀ ਦੂਜੀ ਦਿਸ਼ਾ ਹੈ ਜੂਝਣ ਦੀ। ਪਰਾਧੀਨਤਾ ਦੀ ਸਥਿਤੀ ਵਿਚ ਜੀਵਨ ਦਾ ਮੋਹ ਅਤੇ ਸੰਸਾਰਿਕ ਸੰਬੰਧ ਸਭ ਬੇ ਮਾਅਨੇ ਪ੍ਰਤੀਤ ਹੋਣ ਲਗ ਜਾਂਦੇ ਹਨ। ਕੌਮੀ ਲੋੜਾਂ/ ਮੁੱਲਾਂ ਦੀ ਰੱਖਿਆ ਲਈ ਜੂਝਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਅਸਵੀਕਾਰ ਦੀ ਚੇਤਨਾ ਅਨੇਕ ਪ੍ਰਸੰਗਾਂ ਵਿਚ ਹੈ। ਬਾਬਰ ਦੇ ਹਮਲੇ ਵੇਲੇ ਉਨ੍ਹਾਂ ਨੇ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ। (ਗੁ.ਗ੍ਰੰ.360) ਕਹਿ ਕੇ ਪਰਮਾਤਮਾ ਨੂੰ ਵੀ ਸੰਬੋਧਨ ਕਰਨ ਤੋਂ ਸੰਕੋਚ ਨਹੀਂ ਕੀਤਾ ਸੀ।

ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਵੀ ਅਜਿਹੀ ਸਥਿਤੀ ਪੈਦਾ ਹੋ ਗਈ ਸੀ। ਬਲ ਪੂਰਵਕ ਧਰਮ-ਪਰਿਵਰਤਨ ਦੀ ‘ਅਤਿ’ ਹੋ ਗਈ ਸੀ। ਕਸ਼ਮੀਰ ਦੇ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ‘ਤਿਲਕ ਜੰਜੂ ‘ ਨੂੰ ਨਸ਼ਟ ਹੋਣੋ ਬਚਾਉਣਾ ਹੀ ਯੁਗ ਦੀ ਆਵਾਜ਼ ਸੀ। ਗੁਰੂ ਜੀ ਨੇ ਇਸ ਆਵਾਜ਼ ਨੂੰ ਸੁਣ ਕੇ ਅਨਿਆਂ ਨੂੰ ਖਤਮ ਕਰਨ ਲਈ ਆਪਣੇ ਮਨ ਵਿਚ ਸੰਕਲਪ ਕੀਤਾ। ਇਹ ਸੰਕਲਪ ਹੀ ਅਨਿਆਂ ਦੇ ਵਿਰੁੱਧ ਐਲਾਨ ਸੀ।
ਫਲਸਰੂਪ ਉਹ ਦਿੱਲੀ ਗਏ ਅਤੇ ਕਈ ਦਿਨ ਅਸਹਿ ਕਸ਼ਟ ਸਹਿਨ ਕਰਨ ਉਪਰੰਤ ਧਰਮ ਦੀ ਰਖਿਆ ਲਈ ਆਪਣਾ ਸੀਸ ਭੇਂਟ ਕਰ ਦਿੱਤਾ। ‘ਬਚਿਤ੍ਰ ਨਾਟਕ ‘ ਅਨੁਸਾਰ ਆਪਣਾ ਬਲਿਦਾਨ ਦੇਣਾ ਗੁਰੂ ਜੀ ਦੀ ਸਵੈ- ਇਛਿਤ ਕਾਰਵਾਈ ਸੀ।
ਔਰੰਗਜ਼ੇਬ ਦੀ ਰਾਜਸੀ ਸ਼ਕਤੀ ਨੂੰ ਜਾਣਦੇ ਹੋਇਆਂ ਵੀ ਉਨ੍ਹਾਂ ਨੇ ਬਲ ਪੂਰਵਕ ਧਰਮ-ਪਰਿਵਰਤਨ ਤੋਂ ਪੀੜਿਤ ਹੋਏ ਲੋਕਾਂ ਦਾ ਮਾਮਲਾ ਆਪਣੇ ਹੱਥ ਵਿਚ ਲਿਆ ਅਤੇ ਇਸ ਸਵੈ-ਇਛਿਤ ਮਾਰਗ ਉੱਤੇ ਚਲ ਕੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੱਤੀ।
ਕੁਕਨਸ ਪੰਛੀ ਵਾਂਗ ਗੁਰੂ ਜੀ ਨੇ ਆਪਣੇ ਦੁਆਰਾ ਨਿਰਮਿਤ ਅਗਨੀ ਵਿਚ ਆਪਣੇ ਆਪ ਨੂੰ ਭਸਮ ਕਰ ਦਿੱਤਾ, ਇਸ ਆਸ ਵਿਚ ਕਿ ਇਥੋਂ ਹੋਰ ਕੋਈ ‘ਅਮਰ-ਪੰਛੀ’ ਪੈਦਾ ਹੋਏਗਾ ਅਤੇ ਸਚਮੁਚ ਕੁਝ ਵਰ੍ਹਿਆਂ ਬਾਦ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਿਚੋਂ ਘੋਰ ਵਿਦਰੋਹ ਨੇ ਜਨਮ ਲਿਆ। ਲੋਕਾਂ ਦੀਆਂ ਅਲਸਾਈਆਂ ਸ਼ਕਤੀਆਂ ਵਿਚ ਨਵੇਂ ਖ਼ੂਨ ਦਾ ਸੰਚਾਰ ਹੋਇਆ। ਚਿਰਾਂ ਤੋਂ ਪੈਰਾਂ ਵਿਚ ਮਿਧੇ ਹੋਏ ਲੋਕਾਂ ਦੇ ਮਨ ਵਿਚ ਆਪਣੇ ‘ਪਤਿ’ ਦੀ ਰਖਿਆ ਲਈ ਇਕ ਨਵੀਂ ਪ੍ਰੇਰਣਾ ਪੈਦਾ ਹੋਈ। ਗੁਰੂ ਜੀ ਦਾ ਇਹ ਵਾਕ–

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ
ਵਾਯੂ- ਮੰਡਲ ਵਿਚ ਗੂੰਜਣ ਲਗਿਆ। ਕਿਸੇ ਨੂੰ ਨ ਡਰਾਉਣ ਦੀ ਗੱਲ ਨਾਲ ਗੁਰੂ ਜੀ ਨੇ ਨ ਡਰਨ ਵਾਲੀ ਭਾਵਨਾ ਜੋੜ ਕੇ ਇਕ ਅਪੂਰਣ ਉਕਤੀ ਨੂੰ ਸੰਪੂਰਣ ਕਰ ਦਿੱਤਾ। ਗੁਰੂ ਜੀ ਨੇ ਆਪਣੀ ਬਾਣੀ ਵਿਚ ਸੰਸਾਰ ਦੀ ਨਾਸ਼ਮਾਨਤਾ ਨੂੰ ਬਾਰ ਬਾਰ ਸਪੱਸ਼ਟ ਕਰਕੇ ਇਸ ਪ੍ਰਤਿ ਵੈਰਾਗ ਦੀ ਜਿਸ ਭਾਵਨਾ ਨੂੰ ਪ੍ਰਸਾਰਿਆ, ਉਸ ਪਿਛੇ ਅਨਿਆਂ ਪ੍ਰਤਿ ਅਸਵੀਕਾਰ ਦਾ ਸੰਕਲਪ ਕੰਮ ਕਰ ਰਿਹਾ ਸੀ। ਇਹ ਅਸਵੀਕਾਰ ਗੁਰੂ ਜੀ ਦੇ ਕਿਸੇ ਨਿਜੀ ਕਾਰਣ ਕਰਕੇ ਨਹੀਂ, ਸਗੋਂ ਭਾਰਤ ਵਾਸੀਆਂ ਤੇ ਹਿੰਦੂਆਂ ਦੀ ਸਮੁੱਚੀ ਪੀੜ ਨੂੰ ਹਰਨ ਕਰਕੇ ਸੀ।

ਅਨਿਆਂ ਅਗੈ ਨ ਝੁਕਣ ਜਾਂ ਉਸ ਨੂੰ ਨ ਸਵੀਕਾਰਨ ਦੀ ਗੱਲ ਕੋਈ ਨਿਰਭੈ ਵਿਅਕਤੀ ਹੀ ਕਰ ਸਕਦਾ ਹੈ, ਡਰੇ ਹੋਏ ਦੇ ਮਨ ਵਿਚ ਇਤਨੀ ਹਿੰਮਤ ਹੀ ਨਹੀਂ ਹੋ ਸਕਦੀ। ਨਿਰਭੈਅਤਾ ਪਿਛੇ ਵੀਰਤਾ ਦੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਵੀਰਤਾ ਦੀ ਭਾਵਨਾ ਹੀ ਭੈ ਨੂੰ ਖ਼ਤਮ ਕਰਕੇ ਨਿਰਭੈਅਤਾ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਵਿਅਕਤਿਤਵ ਵਿਚ ਨਿਰਭੈਅਤਾ ਅਤੇ ਵੀਰਤਾ ਦੀਆਂ ਭਾਵਨਾਵਾਂ ਇਕਮਿਕ ਹੋ ਕੇ ਚਲਦੀਆਂ ਹਨ। ਸਾਈਂ ਬੁਲ੍ਹੇ ਸ਼ਾਹ ਨੇ ਗੁਰੂ ਜੀ ਨੂੰ ‘ਗ਼ਾਜ਼ੀ ’ (ਸੂਰਵੀਰ) ਕਿਹਾ ਹੈ।

ਸਚਮੁਚ ਗੁਰੂ ਜੀ ਦੇ ਬਲਿਦਾਨ ਨੇ ਲੋਕਾਂ ਦੀ ਮਾਨਸਿਕ ਨਿਰਬਲਤਾ ਨੂੰ ਮਜ਼ਬੂਤ ਸ਼ਕਤੀ ਦੇ ਰੂਪ ਵਿਚ ਬਦਲ ਦਿੱਤਾ ਅਤੇ ਜਨਤਾ ਵਿਚ ਪਸਰੀ ਨਿਰਾਸ਼ਾ ਅਤੇ ਹੀਨਤਾ ਦੀ ਭਾਵਨਾ ਦੂਰ ਕਰਕੇ ਵੀਰਤਾ, ਉਤਸਾਹ ਅਤੇ ਨਿਰਭੈਅਤਾ ਨਾਲ ਕਸ਼ਟਾਂ ਨੂੰ ਸਹਿਨ ਕਰਨ ਅਤੇ ਵੱਡੀ ਤੋਂ ਵੱਡੀ ਕੁਰਬਾਨੀ ਦੇਣ, ਇਥੋਂ ਤਕ ਕਿ ਪ੍ਰਾਣ ਨਿਛਾਵਰ ਕਰ ਦੇਣ, ਦੀ ਭਾਵਨਾ ਨੂੰ ਜਨਮ ਦਿੱਤਾ। ਗੌਰਵਹੀਨ ਹੋਏ ਰਾਜਿਆਂ, ਛਤ੍ਰਪਤੀਆਂ ਦੀ ਥਾਂ ਸਾਧਾਰਣ ਜਨਤਾ ਵਿਦਰੋਹ ਦੀ ਮਸ਼ਾਲ ਫੜ ਕੇ ਉਠ ਖੜੋਤੀ ਅਤੇ ਕੁਝ ਸਮੇਂ ਵਿਚ ਹੀ ਜਨ-ਸ਼ਕਤੀ ਦਾ ਅਹਿਸਾਸ ਹੋਣ ਲਗ ਗਿਆ। ਇਸ ਤਰ੍ਹਾਂ ਸਾਡੇ ਸਭਿਆਚਾਰ ਵਿਚ ਆਤਮ-ਗੌਰਵ ਦਾ ਪ੍ਰਵੇਸ਼ ਹੋਇਆ ਜਿਸ ਨਾਲ ਭਾਰਤੀਆਂ, ਖ਼ਾਸ ਕਰ ਪੰਜਾਬੀਆਂ, ਸਿੱਖਾਂ ਦੀ ਮਾਨਸਿਕਤਾ ਨੇ ਉਠਵੀ ਅੰਗੜਾਈ ਲਈ ਜਿਸਨੇ ਇਸ ਦੇਸ਼ ਦੀ ਨੁਹਾਰ ਬਦਲ ਦਿੱਤੀ।
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈਂ ਜੁਧੁ ਬਿਚਾਰੇ। (ਦਸਮ ਗ੍ਰੰਥ)।
ਨ ਡਰੋਂ ਅਰਿ ਸੋ ਜਬ ਜਾਇ ਲਰੋ ਨਿਸਚੈ ਕਰ ਅਪਨੀ ਜੀਤ ਕਰੋ (ਦਸਮ ਗ੍ਰੰਥ) ਦੀ ਪ੍ਰਤਿਗਿਆ ਦਾ ਬਚਨ ਪੂਰਾ ਹੋ ਗਿਆ।
ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।

Related posts

2️⃣5️⃣,ਅਪ੍ਰੈਲ 1923 ਅੰਗਰੇਜ਼ ਸਰਕਾਰ ਦੁਆਰਾ ਬੱਬਰਾਂ ਦੀ ਗ੍ਰਿਫਤਾਰੀ ਲਈ ਦੂਜਾ ਐਲਾਨਨਾਮਾ ਜਾਰੀ ਕੀਤਾ ਗਿਆ।

INP1012

ਖ਼ਾਲਸਾ ਸਾਜਨਾ ਦਿਵਸ ਵੈਸਾਖੀ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਭਾਰਤ ਸਰਕਾਰ : ਐਡਵੋਕੇਟ ਧਾਮੀ

INP1012

ਦੇਸਧ੍ਰੋਹ ਜਾਂ ਫਿਰ ਰਾਜਧ੍ਰੋਹ… ਪਿਛਲੇ ਕੁਝ ਸਾਲਾਂ ਵਿੱਚ ਇਹ ਸ਼ਬਦ ਕਾਫ਼ੀ ਜ਼ਿਆਦਾ ਸੁਣਨ ਨੂੰ ਮਿਲਿਆ ਹੈ।

INP1012

Leave a Comment