Artical India International News National News Punjab

2️⃣4️⃣ ਅਪ੍ਰੈਲ,1955 ਸੰਨ 1955 ਓਸ ਵੇਲੇ ਦੇ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਲਈ ਅੱਜ ਦੇ ਦਿਨ 24 ਅਪ੍ਰੈਲ ਤੋਂ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

2️⃣4️⃣ ਅਪ੍ਰੈਲ,1955

ਸੰਨ 1955 ਓਸ ਵੇਲੇ ਦੇ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਲਈ ਅੱਜ ਦੇ ਦਿਨ 24 ਅਪ੍ਰੈਲ ਤੋਂ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

The than Akali Dal decided to launch a peaceful agitation for Punjabi Suba.

ਹਿੰਦੁਸਤਾਨ ਆਜ਼ਾਦ ਹੋਇਆ ਤਾ, ਸਿੱਖਾਂ ਨੇ ਆਪਣੀ ਕਿਸਮਤ ਭਾਰਤ ਨਾਲ ਜੋੜ ਲਈ।ਵੰਡ ਦੌਰਾਨ ਲੱਖਾਂ ਸਿੱਖ ਮਾਰੇ ਗਏ। ਸਿੱਖਾਂ ਨੇ ਆਪਣੇ ਪ੍ਰਾਣਾਂ ਨਾਲੋਂ ਵੱਧ ਪਿਆਰੇ ਇਤਿਹਾਸਕ ਅਸਥਾਨ ਛੱਡੇ, ਉਪਜਾਊ ਜ਼ਮੀਨਾਂ ਛੱਡੀਆਂ ਅਤੇ ਘਰ-ਬਾਰ ਲੁਟਾ ਕੇ ਸ਼ਰਨਾਰਥੀ ਬਣਕੇ ਜੀਵਨ ਬਸਰ ਕੀਤਾ। ਆਜ਼ਾਦੀ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਆਗੂਆਂ ਨੇ ਦੇਸ਼ ਦੇ ਲੋਕਾਂ ਨਾਲ ਭਾਸ਼ਾਈ ਆਧਾਰ ‘ਤੇ ਸੂਬਿਆਂ ਦੇ ਪੁਨਰਗਠਨ ਦਾ ਵਾਅਦਾ ਕੀਤਾ ਸੀ,ਪਰ ਦੇਸ਼ ਆਜ਼ਾਦ ਹੁੰਦਿਆਂ ਹੀ ਅੱਖਾਂ ਫੇਰ ਲਈਆਂ।

ਕੇਂਦਰੀ ਸਰਕਾਰ ਵਿਚਲੇ ਆਗੂ ਸਿੱਖਾਂ ਤੇ ਹੋਰ ਆਗੂਆਂ ਦੀ ਇਸ ਸਬੰਧੀ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਸਨ, ਸਗੋਂ ਸਿੱਖਾਂ ਸਬੰਧੀ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਸਰਕੂਲਰ ਕੱਢੇ ਗਏ।

ਮਾਸਟਰ ਤਾਰਾ ਸਿੰਘ ਨੇ 20 ਫਰਵਰੀ, 1949 ਨੂੰ ਗੁਰਦੁਆਰਾ ਰਕਾਬਗੰਜ ਦਿੱਲੀ ਵਿਚ ਕਾਨਫਰੰਸ ਰੱਖੀ।ਸਰਕਾਰ ਇਹ ਕਾਨਫਰੰਸ ਨਹੀਂ ਹੋਣ ਦੇਣਾ ਚਾਹੁੰਦੀ ਸੀ।ਪਟੇਲ ਦੇ ਹੁਕਮ ਅਨੁਸਾਰ ਮਾਸਟਰ ਤਾਰਾ ਸਿੰਘ ਨੂੰ 19 ਫਰਵਰੀ,1949 ਨੂੰ ਦਿੱਲੀ ਆਉਂਦਿਆਂ ਨਰੇਲਾ ਸਟੇਸ਼ਨ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਸਮੇਂ ਮਾਸਟਰ ਜੀ ਦੇ ਨਾਲ ਉਸ ਸਮੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਕੁਝ ਹੋਰ ਮੈਂਬਰ ਜੋ ਮਾਸਟਰ ਜੀ ਦੇ ਨਾਲ ਦਿੱਲੀ ਕਾਨਫਰੰਸ ਲਈ ਆ ਰਹੇ ਸਨ ਵੀ ਗਿਰਫ਼ਤਾਰ ਕਰ ਲਏ ਗਏ। ਉਸ ਸਮੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਨਫਰੰਸ ਨੂੰ ਸ਼ਹੀਦੀ ਦੀਵਾਨ ਦਾ ਰੂਪ ਦੇ ਦਿੱਤਾ ਸੀ ਪਰ ਸਰਕਾਰ ਬਜ਼ਿੱਦ ਸੀ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਇਹ ਸਮਾਗਮ ਨਹੀਂ ਹੋਣਾ ਚਾਹੀਦਾ।

ਦਿੱਲੀ ਤੇ ਆਸ-ਪਾਸ ਦੇ ਰਾਜਾਂ ਤੋਂ ਸਿੱਖ ਸੰਗਤਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਪਹੁੰਚ ਚੁੱਕੀਆਂ ਸਨ।
ਸ਼ਹੀਦੀ ਦੀਵਾਨ 20 ਫਰਵਰੀ,1949 ਨੂੰ ਕੀਤਾ ਗਿਆ,ਸਿੱਖ ਨੇਤਾਵਾਂ ਨੇ ਭਾਸ਼ਣ ਦਿੱਤੇ,ਤੇ ਦੱਸਿਆ ਕਿ ਇਹ ਦੀਵਾਨ ਦੀ ਲੋੜ ਕਿਉਂ ਪਈ?

ਸਮੇ ਦਾ ਅਕਾਲੀ ਦਲ ਆਪਣੀਆਂ ਮੰਗਾਂ ਬਾਰੇ ਆਵਾਜ਼ ਉਠਾਉਣ ਲਈ ਪਾਬੰਦ ਸੀ ਤੇ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਗ਼ੈਰ-ਵਾਜਬ, ਬੇਲੋੜੀ ਸੀ। ਜਿਨ੍ਹਾਂ ਨੇਤਾਵਾਂ ਨੇ ਸੰਬੋਧਨ ਕੀਤਾ ਸੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਨੇਤਾਵਾਂ ਨੇ ਜ਼ਮਾਨਤਾਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦਲੀਲ ਨਾਲ ਸਟੈਂਡ ਲੈਂਦਿਆਂ ਆਪਣਾ ਮੁਕੱਦਮਾ ਲੜਿਆ ਕਿ ਇਹ ਇਕ ਧਾਰਮਿਕ ਦੀਵਾਨ ਸੀ ਅਤੇ ਦਫ਼ਾ 144 ਦੀ ਇਸ ਨਾਲ ਕੋਈ ਉਲੰਘਣਾ ਨਹੀਂ ਹੋਈ।

ਸਰਕਾਰ ਦੀ ਨੀਤੀ ਅਨੁਸਾਰ ਜੱਜ ਨੇ ਸਾਰੇ ਨੇਤਾਵਾਂ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ। ਮਾਸਟਰ ਤਾਰਾ ਸਿੰਘ ਨੂੰ ਬਨਾਰਸ ਜੇਲ੍ਹ ਲਿਜਾਇਆ ਗਿਆ। ਕਾਂਗਰਸੀ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਬਲਦੇਵ ਸਿੰਘ ਜੋ ਕੇਂਦਰੀ ਮੰਤਰੀ ਸੀ,ਤੋਂ ਮਾਸਟਰ ਤਾਰਾ ਸਿੰਘ ਨੂੰ ਨੀਵਾਂ ਦਿਖਾਉਣ ਲਈ ਮਾਸਟਰ ਜੀ ਵਿਰੁੱਧ ਬਿਆਨ ਦੁਆਏ ਤੇ ਇਸ ਗ੍ਰਿਫ਼ਤਾਰੀ ‘ਤੇ ਸਜ਼ਾ ਨੂੰ ਜਾਇਜ਼ ਠਹਿਰਾਇਆ। ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਵਿਰੁੱਧ ਸਿੱਖ ਸੰਗਤਾਂ ਅੰਦਰ ਬਹੁਤ ਰੋਸ ਸੀ।
ਇਸ ਸਮੇਂ ਭਾਰਤ ਦਾ ਸੰਵਿਧਾਨ ਤਿਆਰ ਹੋ ਰਿਹਾ ਸੀ। ਕਾਂਗਰਸੀ ਨੇਤਾਵਾਂ ਨੇ ਪਹਿਲਾਂ ਹੀ ਮੁੱਖ ਮੰਗਾਂ ਰੱਦ ਕਰ ਦਿੱਤੀਆਂ ਸਨ।

ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਮਾਰਚ,1949 ਨੂੰ ਪੰਜਾਬ ਤੇ ਦਿੱਲੀ ਅੰਦਰ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ।

ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 4 ਅਪ੍ਰੈਲ,1949 ਨੂੰ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਗ੍ਰਿਫਤਾਰੀਆ ਦਾ ਵਿਰੋਧ ਕੀਤਾ ਗਿਆ ਅਤੇ ਪਹਿਲੀ ਵਾਰ ਪੰਜਾਬੀ ਸੂਬੇ ਦੀ ਮੰਗ ਦਾ ਮਤਾ ਪਾਸ ਹੋਇਆ।

ਇਸ ਇਕੱਤਰਤਾ ਵਿਚ ਸਿੱਖਾਂ, ਰਾਜਨੀਤਕਾਂ, ਅਧਿਆਪਕ,ਵਪਾਰੀ, ਡਾਕਟਰ, ਵਕੀਲ ਵਰਗ ਤੇ ਹੋਰ ਉੱਘੇ ਲੋਕਾਂ ਨੇ ਹਿੱਸਾ ਲਿਆ। ਉਸ ਸਮੇਂ ਮਾਸਟਰ ਤਾਰਾ ਸਿੰਘ ਜੇਲ੍ਹ ਵਿਚ ਹੀ ਸਨ।

ਇਸ ਇਕੱਤਰਤਾ ਵਿਚ ਫੈਸਲਾ ਕੀਤਾ ਗਿਆ ਕਿ ਉਕਤ ਮਤੇ ਦੀ ਪ੍ਰਾਪਤੀ ਲਈ ਸਿੱਖਾਂ ਵਿਚ ਆਮ ਰਾਏ ਪੈਦਾ ਕਰਕੇ ਇਸ ਨੂੰ ਵੱਧ ਤੋਂ ਵੱਧ ਪ੍ਰਚਾਰਿਆ ਜਾਵੇ।

*ਕਾਂਗਰਸ ਪਾਰਟੀ ਵੱਲੋਂ ਗੋਪੀ ਚੰਦ ਭਾਰਗੋ ਨੂੰ ਹਟਾ ਕੇ 13 ਅਪ੍ਰੈਲ,1949 ਨੂੰ ਭੀਮ ਸੈਨ ਸੱਚਰ ਨੂੰ ਸਾਂਝੇ ਪੰਜਾਬ(ਜਿਸ ਚ ਹਰਿਆਣਾ,ਪੰਜਾਬ, ਹਿਮਾਚਲ, ਚੰਡੀਗੜ੍ਹ ਸ਼ਾਮਿਲ ਸਨ)ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ।

ਮਾਸਟਰ ਤਾਰਾ ਸਿੰਘ 5 ਸਤੰਬਰ,1949 ਨੂੰ ਜੇਲ੍ਹ ਤੋਂ ਰਿਹਾਅ ਹੋਏ। ਜੇਲ੍ਹ ਤੋਂ ਆ ਕੇ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ‘ਸਿੱਖਾਂ ਦਾ ਸੱਭਿਆਚਾਰ ਹਿੰਦੂਆਂ ਤੋਂ ਵੱਖਰਾ ਹੈ ਅਤੇ ਜਿਵੇਂ ਕਿ ਹਿੰਦੂਆਂ ਨੂੰ ਗੁਰਮੁਖੀ ਸਿੱਖਾਂ ਦੀ ਬੋਲੀ ਜਾਪਦੀ ਹੈ, ਇਸ ਤਰ੍ਹਾਂ ਸਿੱਖਾਂ ਦੇ ਰਸਮੋ-ਰਿਵਾਜ, ਨਾਇਕ, ਬਹਾਦਰ, ਸਮਾਜਿਕ ਢਾਂਚਾ ਵੀ ਵੱਖਰਾ ਹੈ।ਸਿੱਖਾਂ ਦਾ ਸੱਭਿਆਚਾਰ ਗੁਰਮੁਖੀ ਸੱਭਿਆਚਾਰ ਹੈ।’

ਮਾਸਟਰ ਤਾਰਾ ਸਿੰਘ ਦੀ ਰਿਹਾਈ ਤੋਂ ਬਾਅਦ 18 ਅਕਤੂਬਰ, 1949 ਨੂੰ ਫਿਰ ਗੋਪੀ ਚੰਦ ਭਾਰਗੋ ਪੰਜਾਬ ਦੇ ਮੁੱਖ ਮੰਤਰੀ ਬਣੇ।

ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਕਾਨਫਰੰਸ, ਜੋ 26 ਜਨਵਰੀ, 1950 ਈ: ਨੂੰ ਹੋਈ, ਵਿਚ ਪੰਜਾਬੀ ਸੂਬੇ ਦੀ ਮੰਗ ਨੂੰ ਦੁਹਰਾਇਆ ਗਿਆ। ਸ: ਹੁਕਮ ਸਿੰਘ ਜੋ ਅਕਾਲੀ ਦਲ ਦੇ ਪ੍ਰਧਾਨ ਸਨ, ਨੇ ਕਿਹਾ ਕਿ ਇਹ ਉਹੀ ਮੰਗ ਹੈ, ਜਿਸ ਦੀ ਹਮਾਇਤ ਮਹਾਤਮਾ ਗਾਂਧੀ, ਨਹਿਰੂ ਸਮੇਤ ਬਾਕੀ ਕਾਂਗਰਸੀ ਆਗੂ ਕਰਦੇ ਰਹੇ ਹਨ।ਅਸੀਂ ਕੋਈ ਵੱਖਰਾ ਰਾਜ ਨਹੀਂ ਚਾਹੁੰਦੇ।ਅਸੀਂ ਕੇਵਲ ਭਾਸ਼ਾਈ ਤੇ ਸੱਭਿਆਚਾਰਕ ਆਧਾਰ ਤੇ ਸਰਹੱਦਾਂ ਦੀ ਮੁੜ ਤੋਂ ਨਿਸ਼ਾਨਦੇਹੀ ਹੀ ਚਾਹੁੰਦੇ ਹਾਂ।’

ਸ: ਹੁਕਮ ਸਿੰਘ ਨੇ ਇਹ ਵੀ ਕਿਹਾ ਕਿ *ਜਵਾਹਰ ਲਾਲ ਨਹਿਰੂ ਨੇ 5 ਅਪ੍ਰੈਲ, 1945 ਨੂੰ ਕਿਹਾ ਸੀ ਕਿ ‘ਸੂਬਾਈ ਸਰਹੱਦਾਂ ਦੀ ਵੰਡ ਲਾਜ਼ਮੀ ਤੇ ਅਟੱਲ ਹੈ ਤਾਂ ਕਿ ਸਿੱਖ ਵੀ ਆਜ਼ਾਦੀ ਦੀ ਭਾਵਨਾ ਨੂੰ ਮਹਿਸੂਸ ਕਰ ਸਕਣ।’
ਕੇਦਰ ਸਰਕਾਰ ਕਿਸੇ ਨਾ ਕਿਸੇ ਢੰਗ ਨਾਲ ਪੰਜਾਬੀ ਸੂਬੇ ਦੀ ਵਿਰੋਧਤਾ ਕਰਦੀ ਰਹੀ।

1-2 ਸਤੰਬਰ, 1951 ਨੂੰ ਪਟਿਆਲਾ ਵਿਖੇ ਗੁਰਮਤਿ ਮਹਾਂ ਸਮਾਗਮ ਹੋਇਆ ਅਤੇ ਇਸ ਸਮਾਗਮ ਵਿਚ 4 ਲੱਖ ਲੋਕ ਸ਼ਾਮਿਲ ਹੋਏ।ਅਸਲ ਵਿਚ ਇਹ ਪੰਜਾਬੀ ਸੂਬੇ ਦੀ ਹਮਾਇਤ ਦਾ ਸਮਾਗਮ ਸੀ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 1954 ‘ਚ ਹੋਈਆਂ, ਇਨ੍ਹਾਂਂ ਵਿਚ ਉਸ ਸਮੇ ਅਕਾਲੀ ਦਲ ਦੀ ਹੋਈ ਜਿੱਤ ਨੇ ਪੰਜਾਬੀ ਸੂਬੇ ਲਈ ਮਾਹੌਲ ਬਣਾ ਦਿੱਤਾ।

*ਪਟਿਆਲਾ ਵਿਖੇ 5 ਮਾਰਚ, 1955 ਨੂੰ ਹਿੰਦੂ ਭਾਈਚਾਰੇ ਦੀ ਕਾਨਫਰੰਸ ਹੋਈ ਤੇ ਇਸ ਕਾਨਫਰੰਸ ਵਿਚ ਪੰਜਾਬੀ ਸੂਬੇ ਦੀ ਹਮਾਇਤ ਦਾ ਮਤਾ ਪਾਸ ਕੀਤਾ ਗਿਆ।

ਇਸ ਕਾਨਫਰੰਸ ਵਿਚ ਸੇਠ ਰਾਮ ਨਾਥ ਜੈਤੋ,ਚੌਧਰੀ ਕਰਤਾਰ ਸਿੰਘ ਤੇ ਠਾਕਰ ਨਵਲ ਕਿਸ਼ੋਰ ਆਦਿ ਨੇ ਭਾਸ਼ਣ ਦਿੱਤੇ।

ਪੰਜਾਬੀ ਸੂਬੇ ਤੇ ਮਹਾਂ ਪੰਜਾਬ ਦੇ ਹੱਕ ਅਤੇ ਵਿਰੋਧ ਵਿਚ ਪ੍ਰਚਾਰ ਪੂਰੇ ਜ਼ੋਰ ਨਾਲ ਹੋ ਰਿਹਾ ਸੀ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ 6 ਅਪ੍ਰੈਲ, 1955 ਨੂੰ ਇਕ ਨੋਟਿਸ ਜਾਰੀ ਕਰਕੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ‘ਤੇ ਪਾਬੰਦੀ ਲਗਾ ਦਿੱਤੀ।

24 ਅਪ੍ਰੈਲ,1955 ਨੂੰ ਓਸ ਵੇਲੇ ਦੇ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਲਈ ਅੱਜ ਦੇ ਦਿਨ 24 ਅਪ੍ਰੈਲ ਤੋਂ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ‘ਤੇ ਲਗਾਈ ਪਾਬੰਦੀ ਨੂੰ ਮਾਸਟਰ ਤਾਰਾ ਸਿੰਘ ਨੇ 10 ਮਈ, 1955 ਨੂੰ ਤੋੜ ਕੇ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਲਗਾ ਕੇ ਗ੍ਰਿਫਤਾਰੀ ਦਿੱਤੀ,ਨਾਲ ਹੀ ਮੋਰਚਾ ਸ਼ੁਰੂ ਹੋ ਗਿਆ।

ਇਸ ਮੋਰਚੇ ਵਿਚ 12,000 ਸਿੰਘਾਂ ਨੇ ਗ੍ਰਿਫਤਾਰੀਆਂ ਦਿੱਤੀਆਂ।

ਭੀਮ ਸੈਨ ਸੱਚਰ ਮੁੱਖ ਮੰਤਰੀ ਦੇ ਕਹਿਣ ‘ਤੇ 4 ਜੁਲਾਈ, 1955 ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਪੁਲਿਸ ਵੜ ਗਈ।
ਪੁਲਿਸ ਨੇ ਅੱਥਰੂ ਗੈਸ ਛੱਡੀ, ਸਿੰਘਾਂ ‘ਤੇ ਲਾਠੀਚਾਰਜ ਕੀਤਾ ਅਤੇ ਸਮਾਗਮ ਵਿਚ ਸੁੱਤੇ ਪਏ ਯਾਤਰੂਆਂ ਤੇ ਜਥੇ ਵਿਚ ਜਾਣ ਵਾਲੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰਾ ਕੁਝ ਮੋਰਚੇ ਨੂੰ ਫੇਲ੍ਹ ਕਰਨ ਲਈ ਕੀਤਾ ਗਿਆ,ਪਰ ਸਰਕਾਰ ਨੂੰ ਸਫ਼ਲਤਾ ਨਾ ਮਿਲੀ।

ਅਖੀਰ 12 ਜੁਲਾਈ, 1955 ਨੂੰ ਨਾਅਰੇ ਉੱਪਰ ਲਗਾਈ ਪਾਬੰਦੀ ਦਾ ਹੁਕਮ ਵਾਪਸ ਲੈ ਲਿਆ ਗਿਆ।ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ 10 ਅਕਤੂਬਰ,1955 ਨੂੰ ਮੰਜੀ ਸਾਹਿਬ ਦੀਵਾਨ ਵਿਚ ਪੇਸ਼ ਹੋ ਕੇ 4 ਜੁਲਾਈ ਦੀਆਂ ਘਟਨਾਵਾਂ ਲਈ ਸੰਗਤ ਦੇ ਇਕੱਠ ਵਿਚ ਮੁਆਫ਼ੀ ਮੰਗੀ।

ਭਾਸ਼ਾ ਦੇ ਆਧਾਰ ‘ਤੇ ਸੂਬਿਆਂ ਦੀ ਮੰਗ ਹਰ ਪਾਸੇ ਹੋ ਰਹੀ ਸੀ ਅਤੇ ਮਜਬੂਰ ਹੋ ਕੇ ਸਰਕਾਰ ਨੇ ਇਸ ਸਬੰਧੀ 1955 ਵਿਚ ਇਕ ਕਮਿਸ਼ਨ ਬਣਾ ਦਿੱਤਾ।

ਇਸ ਕਮਿਸ਼ਨ ਨੇ ਪੰਜਾਬ ਨੂੰ ਛੱਡ ਕੇ ਕਈ ਹੋਰ ਨਵੇਂ ਸੂਬਿਆਂ ਦੀ ਸਿਫਾਰਸ਼ ਕੀਤੀ।
ਆਂਧਰਾ ਵਿਚ ਰਮਾਲੂ ਨਾਂਅ ਦਾ ਨੌਜਵਾਨ ਸ਼ਹੀਦ ਹੋਣ ਤੋਂ ਬਾਅਦ ਇਹ ਮੰਗ ਹੋਰ ਤਿੱਖੀ ਹੋ ਗਈ।
ਗੁਜਰਾਤ ਤੇ ਮਹਾਂਰਾਸ਼ਟਰ ਸੂਬਿਆਂ ਬਾਰੇ ਐਲਾਨ 23 ਦਸੰਬਰ,1959 ਨੂੰ ਕੀਤਾ ਗਿਆ।
ਕੇਦਰ ਸਰਕਾਰ ਸਿੱਖਾਂ ਨੂੰ ਜ਼ਲੀਲ ਕਰਨ ‘ਤੇ ਤੁਲੀ ਹੋਈ ਸੀ।22 ਮਈ, 1960 ਨੂੰ ਪੰਜਾਬੀ ਸੂਬਾ ਕਾਨਫਰੰਸ ਅੰਮ੍ਰਿਤਸਰ ਹੋਈ,ਜਿਸ ਦੀ ਪ੍ਰਧਾਨਗੀ ਪੰਡਿਤ ਸੁੰਦਰ ਦਾਸ ਨੇ ਕੀਤੀ। ਇਸ ਕਾਨਫਰੰਸ ਵਿਚ ਡਾ: ਸੈਫਉਦੀਨ ਕਿਚਲੂ, ਕੇ. ਜੀ. ਜੋਧ ਮੌਲਾਨਾ ਸਲਾਮਤ ਉਲ ਖਾਨ, ਜ਼ਹੀਰ ਕੁਰੈਸ਼ੀ, ਪ੍ਰਤਾਪ ਸਿੰਘ ਦੌਲਤਾ ਮੈਂਬਰ ਪਾਰਲੀਮੈਂਟ ਵੀ ਸ਼ਾਮਿਲ ਹੋਏ।

ਸਰਕਾਰ ਨੇ 24 ਮਈ,1960 ਨੂੰ ਰਾਤ ਨੂੰ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਸਾਰੇ ਪੰਜਾਬ ਵਿਚੋਂ 5000 ਸਿੰਘਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

ਮਾਸਟਰ ਜੀ ਦੀ ਗ੍ਰਿਫਤਾਰੀ ਨਾਲ ਫਿਰ ਮੋਰਚਾ ਸ਼ੁਰੂ ਹੋ ਗਿਆ।ਪਹਿਲਾ ਜਥਾ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਵਿਚ 29 ਮਈ, 1960 ਨੂੰ ਗ੍ਰਿਫਤਾਰ ਹੋਇਆ।

12 ਜੂਨ, 1960 ਈ: ਨੂੰ ਦਿੱਲੀ ਵਿਚ ਰੋਸ ਜਲੂਸ ਨੂੰ ਸਰਕਾਰ ਨੇ ਰੋਕਣਾ ਚਾਹਿਆ ਅਤੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆ।

12 ਜੂਨ ਸ਼ਾਮ ਨੂੰ 4 ਵਜੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਜਥੇ ਭੇਜਣੇ ਸ਼ੁਰੂ ਕੀਤੇ ਪਰ ਸਰਕਾਰ ਦੇ ਕਹਿਣ ‘ਤੇ ਪੁਲਿਸ ਨੇ ਸਿੰਘਾਂ ‘ਤੇ ਅੰਨ੍ਹਾ ਤਸ਼ੱਦਦ ਕੀਤਾ। ਸ਼ਾਂਤਮਈ ਜਾ ਰਹੇ ਸਿੰਘਾਂ ਦੇ ਜਥਿਆਂ ‘ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।

ਇਸ ਦਿਨ ਪੁਲਿਸ ਤਸ਼ੱਦਦ ਨਾਲ 7 ਸ਼ਹੀਦੀਆਂ ਹੋਈਆਂ। ਸਰਕਾਰ ਮੋਰਚੇ ਨੂੰ ਫੇਲ੍ਹ ਕਰਨਾ ਲਈ ਸਮੇਂ ‘ਤੇ ਵੱਖੋ-ਵੱਖ ਢੰਗ ਅਪਣਾਏ।

ਮੋਰਚੇ ਦੀ ਚੜ੍ਹਤ ਦੇਖ ਕੇ ਸਰਕਾਰ ਨੇ ਰਾਸ਼ਟਰਪਤੀ ਦੀ ਪ੍ਰਵਾਨਗੀ ਨਾਲ 19 ਜੁਲਾਈ, 1960 ਨੂੰ ਰਾਜਪਾਲ ਸ੍ਰੀ ਗੈਡਗਿਲ ਵੱਲੋਂ ਇਕ ਆਰਡੀਨੈਂਸ ਜਾਰੀ ਕਰਵਾਇਆ,ਜਿਸ ਦਾ ਮਨੋਰਥ ਮੋਰਚੇ ਨੂੰ ਕੁਚਲਣਾ ਸੀ।

ਇਸ ਆਰਡੀਨੈਂਸ ਦੀਆਂ ਤਿੰਨ ਧਾਰਾਵਾਂ ਸਨ-
1.ਕੋਈ ਵੀ, ਕਿਸੇ ਭਗੌੜੇ ਨੂੰ ਮਾਲੀ ਸਹਾਇਤਾ ਜਾਂ ਪਨਾਹ ਦੇਵੇ, ਉਹ ਤਿੰਨ ਸਾਲ ਤੱਕ ਸਜ਼ਾ ਦਾ ਭਾਗੀ ਹੋਵੇਗਾ।
2.ਜਿਸ ਵਿਅਕਤੀ ਦੇ ਅਦਾਲਤ ਵੱਲੋਂ ਵਾਰੰਟ ਗ੍ਰਿਫਤਾਰੀ ਜਾਰੀ ਹੋਏ ਹੋਣ ਪਰ ਉਹ ਪੇਸ਼ ਨਾ ਹੋਵੇ ਤਾਂ ਉਸ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ।
3. ਜੋ ਵਿਅਕਤੀ ਆਪਣਾ ਪੂਰਾ ਪਤਾ, ਮਾਤਾ-ਪਿਤਾ ਦੇ ਨਾਂਅ ਸਮੇਤ ਨਾ ਦੱਸੇ ਤਾਂ ਉਹ ਵੀ ਤਿੰਨ ਸਾਲ ਦੀ ਸਖ਼ਤ ਸਜ਼ਾ ਭੁਗਤੇਗਾ।
ਸਿੰਘਾਂ ਨੇ ਇਸ ਆਰਡੀਨੈਂਸ ਦੀ ਕੋਈ ਪ੍ਰਵਾਹ ਨਾ ਕੀਤੀ।ਆਪਣਾ ਨਾਂਅ ਦੱਸ ਕੇ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਹੀ ਲਿਖਵਾਉਂਦੇ ਰਹੇ। ਸਿੰਘਾਂ ਨੇ ਹੱਸ-ਹੱਸ ਕੇ ਜੇਲ੍ਹਾਂ ਕੱਟੀਆਂ ਤੇ ਜੁਰਮਾਨੇ ਭਰੇ ਤਾਂ ਜੋ ਪੰਜਾਬੀ ਸੂਬਾ ਬਣ ਸਕੇ।
ਪੰਜਾਬੀ ਸੂਬੇ ਦੇ ਮੋਰਚੇ ਵਿਚ 57129 ਸਿੰਘਾਂ, ਸਿੰਘਣੀਆਂ, ਨੌਜਵਾਨ ਬੱਚਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ।
43 ਸਿੰਘ ਸ਼ਹੀਦ ਹੋਏ, ਸਿੰਘਾਂ ਨੇ ਲੱਖਾਂ ਰੁਪਏ ਜੁਰਮਾਨਾ ਭਰਿਆ, ਲੰਬੀਆਂ ਕੈਦਾਂ ਕੱਟੀਆਂ, ਵਿਦਿਆਰਥੀ ਆਪਣੇ ਦਾਖਲੇ ਨਾ ਭਰ ਸਕੇ,ਅਨੇਕਾਂ ਅੰਦੋਲਨਕਾਰੀ ਗੰਭੀਰ ਜ਼ਖਮੀ ਹੋ ਗਏ।
ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤਹਿ ਸਿੰਘ ਜੀ ਨੇ ਅੰਦੋਲਨ ਦੀ ਅਗਵਾਈ ਕੀਤੀ।
ਲੰਬੇ ਸੰਘਰਸ਼ ਤੋਂ ਬਾਅਦ 4 ਅਪ੍ਰੈਲ, 1949 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬੀ ਸੂਬੇ ਦੀ ਮੰਗ ਦੇ ਪਾਸ ਹੋਏ ਮਤੇ ਤੇ 1 ਨਵੰਬਰ,1966 ਨੂੰ 17 ਸਾਲ ਬਾਅਦ ਅਧੂਰਾ ਪੰਜਾਬੀ ਸੂਬਾ ਹੋਂਦ ਵਿਚ ਆਇਆ। ਪੰਜਾਬੀ ਸੂਬੇ ਦੀ ਅੱਜ ਤੱਕ ਆਪਣੀ ਰਾਜਧਾਨੀ ਨਹੀਂ ਹੈ। ਜਾਇਜ ਮੰਗਾਂ ਵਿਚਾਲੇ ਲਟਕਦੀਆਂ ਫਿਰਦੀਆਂ ਹਨ।ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਵਾਉਣ ਲਈ ਸ: ਦਰਸ਼ਨ ਸਿੰਘ ਫੇਰੂਮਾਨ 74 ਦਿਨ ਵਰਤ ਰੱਖਣ ਤੋਂ ਬਾਅਦ ਸ਼ਹੀਦੀ ਪਾ ਗਏ ਪਰ ਫਿਰ ਵੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤਾ।
ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਇਆਂ ਚਾਰ ਦਹਾਕਿਆਂ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਇਸ ਨੂੰ ਸਿੱਖਿਆ,ਨਿਆਂਪਾਲਿਕਾ ਤੇ ਹੋਰ ਖੇਤਰਾਂ ‘ਚ ਗੰਭੀਰਤਾ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।
50 ਸਾਲ ਬਾਅਦ ਵੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ,ਤੇ ਪਾਣੀਆਂ ਦਾ ਚੱਲ ਰਿਹਾ ਮਸਲਾ ਰਾਜਨੀਤਕਾਂ ਵਲੋਂ ਸੁਲਝਾਇਆ ਨਹੀਂ ਜਾ ਸਕਿਆ,ਪਾਣੀ ਅਜੇ ਹੋਰ ਖੋਹਣ ਨੂੰ ਫਿਰ ਰਹੇ ਹਨ,ਰਾਜਧਾਨੀ ਚੰਡੀਗੜ੍ਹ ਤੇ ਕੇਦਰ ਦਾ ਕਬਜ਼ਾ,SYL ਨਹਿਰ ਦੇ ਮੁੱਦੇ ਤੇ ਧੱਕੇਸ਼ਾਹੀ …….

ਸਿਆਸੀ ਪਾਰਟੀਆਂ ਨੂੰ ਸਿਰਫ ਵੋਟਾਂ ਚ ਹੀ ਇਹ ਮੁੱਦੇ ਚੇਤੇ ਆਉਂਦੇ ਹਨ ਤੇ ਵੋਟਾਂ ਤੋਂ ਬਾਅਦ ਇਸ ਸਭ ਕੁੱਛ ਦੀ ਯਾਦ ਭੁੱਲ ਜਾਂਦੀ ਹੈ
ਪੰਜਾਬੀ ਸੂਬਾ ਸਿਰਫ ਵੋਟਾਂ ਦੀ ਰਾਜਨੀਤੀ ਤਕ ਹੀ ਸੀਮਤ/ਸੁਕੜ ਕੇ ਰਹਿ ਗਿਆ ਹੈ।

ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।

Related posts

2️⃣1️⃣ ਅਪ੍ਰੈਲ,1981-ਸਿੱਖਸ ਆਰ ਏ ਨੇਸ਼ਨ

INP1012

“ਤੁਸੀਂ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆ ਅਸੀਂ “-ਡਾ ਗੰਡਾ ਸਿੰਘ

INP1012

ਪਟਿਆਲਾ ਵਿੱਚ ਨਵਜੋਤ ਸਿੱਧੂ ਵੱਲੋਂ ਪ੍ਰਧਾਨਗੀ ਲਈ ਸ਼ਕਤੀ ਪ੍ਰਦਰਸ਼ਨ

INP1012

Leave a Comment