Artical India International News National News Punjab Story

2️⃣8️⃣ ਅਪ੍ਰੈਲ,1663 (2022) (15 ਵੈਸਾਖ,554 ਅਨੁਸਾਰ) ☬ ਜਨਮ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਜ਼ੀ

2️⃣8️⃣ ਅਪ੍ਰੈਲ,1663 (2022)
(15 ਵੈਸਾਖ,554 ਅਨੁਸਾਰ)
☬ ਜਨਮ ਦਿਨ ਸ਼ਹੀਦ ਭਾਈ ਬਚਿੱਤਰ ਸਿੰਘ ਜ਼ੀ

ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ ਵਿਚੋਂ ਅਨੋਖੇ ਸ਼ਹੀਦ ਭਾਈ ਬਚਿੱਤਰ ਸਿੰਘ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਸਨ।

☬- ਸ਼ਹੀਦ ਭਾਈ ਬਚਿੱਤਰ ਸਿੰਘ -☬
ਸਿੱਖ ਇਤਿਹਾਸ ਦੇ ਮਹਾਨ ਵਿਦਵਾਨ ਸ਼ਹੀਦ ਭਾਈ ਮਨੀ ਸਿੰਘ ਦੇ ਦਸ ਪੁੱਤਰਾਂ ਵਿਚੋਂ ਅਨੋਖੇ ਸ਼ਹੀਦ ਭਾਈ ਬਚਿੱਤਰ ਸਿੰਘ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਸਨ, ਜਿਨ੍ਹਾਂ ਦੀ ਕੁਰਬਾਨੀ ਅੱਜ ਵੀ ਸਾਨੂੰੰ ਗੁਰੂ-ਘਰ ਦੀ ਸੇਵਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ।

ਸ਼ਹੀਦ ਭਾਈ ਬਚਿੱਤਰ ਸਿੰਘ ਦਾ ਜਨਮ ਪੂਜਨੀਕ ਸ਼ਖ਼ਸੀਅਤ ਭਾਈ ਮਨੀ ਸਿੰਘ ਦੇ ਗ੍ਰਹਿ 15 ਵਿਸਾਖ ਸੰਮਤ 1720 (28 ਅਪ੍ਰੈਲ, 1663/2022) ਅਨੁਸਾਰ ਅਲੀਪੁਰ ਸਮਾਲੀ ਜ਼ਿਲ੍ਹਾ ਮੁਜ਼ਫਰਗੜ੍ਹ ਰਿਆਸਤ ਮੁਲਤਾਨ ਵਿਖੇ ਹੋਇਆ।

ਆਪ ਦੇ ਮਾਤਾ ਸੀਤੋ ਬਾਈ ਜੀ ਗੁਰੂ-ਘਰ ਦੇ ਗੋਲੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਪੁੱਤਰੀ ਸਨ, ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਧੜ ਦਾ ਸਸਕਾਰ ਆਪਣੇ ਘਰ ਨੂੰ ਅਗਨੀ ਭੇਟ ਕਰਕੇ ਕੀਤਾ ਸੀ।

ਸ਼ਹੀਦ ਭਾਈ ਬਚਿੱਤਰ ਸਿੰਘ ਦੇ ਪਿਤਾ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਹਰਿਰਾਏ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸੇਵਾ ਤੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਸੀ। ਆਖਰੀ ਦਮ ਤੱਕ ਧਰਮ ‘ਤੇ ਪਰਿਪੱਕ ਰਹਿੰਦੇ ਹੋਏ ਭਾਈ ਮਨੀ ਸਿੰਘ ਨੇ ਬੰਦ-ਬੰਦ ਕਟਵਾ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ।

ਭਾਈ ਬਚਿੱਤਰ ਸਿੰਘ ਜੀ ਨੂੰ ਸਿਦਕ ਭਰਿਆ, ਕੁਰਬਾਨੀ ਤੇ ਵੀਰਤਾ ਵਾਲਾ ਵਿਰਸਾ ਪਰਿਵਾਰਕ ਵਿਰਾਸਤ ਵਿਚੋਂ ਹੀ ਪ੍ਰਾਪਤ ਹੋਇਆ ਸੀ।

ਸਿੱਖ ਇਤਿਹਾਸ ਅਨੁਸਾਰ ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ, ਉਸ ਸਮੇਂ ਰਾਜੇ ਕੇਸਰੀ ਚੰਦ ਦੀ ਤਕਰੀਬ ਸੀ ਕਿ ਪਹਾੜੀ ਰਾਜਿਆਂ ਵੱਲੋਂ ਇਕ ਮਸਤ ਹੋਏ ਹਾਥੀ ਪਾਸੋਂ ਕਿਲ੍ਹੇ ਦਾ ਦਰਵਾਜ਼ਾ ਤੁੜਵਾਇਆ ਜਾਵੇ ਤੇ ਬਾਅਦ ਵਿਚ ਫੌਜਾਂ ਹੱਲਾ ਬੋਲ ਕੇ ਕਿਲ੍ਹੇ ‘ਤੇ ਕਾਬਜ਼ ਹੋ ਜਾਣ। ਇਕ ਤਾਕਤਵਰ ਜਿਸ ਦਾ ਮੱਥਾ ਫੌਲਾਦ ਦੀਆਂ ਤਵੀਆਂ ਨਾਲ ਬੰਨ੍ਹਿਆ ਹੋਇਆ ਸੀ, ਜੋ ਮਦਮਸਤ (ਸਰਾਬ ਪਿਆ ਕੇ) ਅਤੇ ਉਸ ਦੀ ਸਾਰੀ ਦੇਹ ਲੋਹੇ ਨਾਲ ਢਕੀ ਹੋਈ ਸੀ ਤੇ ਉਸ ਦੀ ਸੁੰਡ ਵਿਚ ਭਾਰੀ ਤਿੱਖੀਆਂ ਤਲਵਾਰਾਂ ਟੰਗੀਆਂ ਹੋਈਆਂ ਸਨ। ਇਹ ਪਾਗਲ ਹੋਇਆ ਹਾਥੀ ਫੌਜਾਂ ਦੀ ਅਗਵਾਈ ਕਰਦਾ ਹੋਇਆ ਕਿਲ੍ਹੇ ਵੱਲ ਤੇਜ਼ ਰਫ਼ਤਾਰ ਵਧ ਰਿਹਾ ਸੀ।

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੀ ਦੇ ਕੇ ਜੰਗ ਦੇ ਮੈਦਾਨ ਵਿਚ ਭੇਜਿਆ ਤੇ ਬਚਿੱਤਰ ਸਿੰਘ ਜੀ ਫੁਰਤੀਲੇ ਘੋੜੇ ‘ਤੇ ਸਵਾਰ ਹੋ ਕੇ ਹਾਥੀ ‘ਤੇ ਝਪਟਿਆ ਤੇ ਨਾਗਨੀ ਨੇਜੇ ਨੂੰ ਹਾਥੀ ਦੇ ਮੱਥੇ ‘ਤੇ ਮਾਰਿਆ, ਜਿਸ ਦੀ ਤਿੱਖੀ ਨੋਕ ਤਵੇ ਨੂੰ ਚੀਰਦੀ ਹੋਈ ਹਾਥੀ ਦੇ ਮੱਥੇ ਅੰਦਰ ਧਸ ਗਈ ਤੇ ਹਾਥੀ ਕੁਰਲਾਉਂਦਾ ਹੋਇਆ ਭੈਅ-ਭੀਤ ਹੋ ਕੇ ਪਿੱਛੇ ਆਪਣੀ ਹੀ ਫੌਜ ਨੂੰ ਲਤਾੜਦਾ ਹੋਇਆ ਦੌੜ ਗਿਆ।

ਸਿੱਖ ਫੌਜਾਂ ਨੇ ਪਹਾੜੀ ਰਾਜਿਆਂ ਦੀ ਫੌਜ ਨੂੰ ਮਾਤ ਦਿੰਦੇ ਹੋਏ ਬਚਿੱਤਰ ਸਿੰਘ ਦੀ ਤੇ ਭਾਈ ਉਦੈ ਸਿੰਘ ਨੇ ਵੈਰੀ ਫੌਜਾਂ ਦੀ ਕਮਾਂਡ ਕਰ ਰਹੇ ਰਾਜਾ ਕੇਸਰੀ ਚੰਦ ਦਾ ਸਿਰ ਵੱਢ ਕੇ ਸਿੰਘਾਂ ਦੀ ਸਰਦਾਰੀ ਨੂੰ ਕਾਇਮ ਕੀਤਾ।

ਭਾਈ ਬਚਿੱਤਰ ਸਿੰਘ ਜੀ ਦੇ ਨੌਂ ਭਾਈ, ਜਿਨ੍ਹਾਂ ਵਿਚੋਂ ਚਿੱਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ, ਦੇਸਾ ਸਿੰਘ ਨੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੁਰਬਾਨੀ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਸ ਸਮੇਂ ਭਾਈ ਬਚਿੱਤਰ ਸਿੰਘ ਤੇ ਉਨ੍ਹਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ।

ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋਂ ਸਿੱਧਾ ਪਿੰਡ ਕੋਟਲਾ ਨਿਹੰਗ ਰੋਪੜ ਵਿਖੇ (ਰੋਪੜ ਗੁਰਦੁਆਰਾ ਭੱਠਾ ਸਾਹਿਬ ਦੇ ਨਜਦੀਕ) ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚੇ ਸੀ, ਜੋ ਕਿ ਗੁਰੂ-ਘਰ ਦਾ ਸੱਚਾ ਸ਼ਰਧਾਲੂ ਸੀ।

ਭਾਈ ਬਚਿੱਤਰ ਸਿੰਘ ਦੀ ਰੋਪੜ ਦੇ ਲਾਗੇ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾਂ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਭਾਈ ਬਚਿੱਤਰ ਸਿੰਘ ਜੀ ਵੀ ਸਖਤ ਜ਼ਖਮੀ ਹੋ ਗਏ ਸਨ।ਅਚਾਨਕ ਪਿੱਛੋਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਸਿੱਖਾਂ ਨਾਲ ਉਥੋਂ ਲੰਘੇ ਤਾਂ ਜ਼ਖਮੀ ਹਾਲਤ ਵਿਚ ਬਚਿੱਤਰ ਸਿੰਘ ਜੀ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿਚ ਪਹੁੰਚਾਇਆ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਦੇ ਕੋਲ ਪਹਿਲਾਂ ਹੀ ਠਹਿਰੇ ਹੋਏ ਸਨ।

ਭਾਈ ਬਚਿੱਤਰ ਸਿੰਘ ਜੀ ਨੂੰ ਇਕ ਪਲੰਘ ‘ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਵੇਂ ਸਾਹਿਬਜ਼ਾਦੇ, ਅਜੀਤ ਸਿੰਘ ਜੀ ਜ਼ੋਰਾਵਾਰ ਸਿੰਘ ਜੀ ਤੇ ਭਾਈ ਮੋਹਕਮ ਸਿੰਘ ਜੀ ਪਿਆਰਿਆਂ ਤੇ ਸਿੰਘਾਂ ਸਹਿਤ ਪਿੰਡ ਲਖਮੀਪੁਰ ਦੀ ਤਰਫ ਰਵਾਨਾ ਹੋ ਗਏ ਤੇ ਅੱਗੇ ਚਮਕੌਰ ਸਾਹਿਬ ਪਹੁੰਚੇ ਸਨ।

ਚੌਧਰੀ ਨਿਹੰਗ ਖਾਂ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਭਾਈ ਬਚਿੱਤਰ ਸਿੰਘ ਜੀ ਸੇਵਾ ਕੀਤੀ।
ਕਿਸੇ ਦੋਖੀ ਨੇ ਰੋਪੜ ਚੌਕੀ ਦੇ ਸਰਦਾਰ ਨੂੰ ਸੂਹ ਦਿੱਤੀ ਤੇ ਸਰਦਾਰ ਜਾਫਰ ਅਲੀ ਖਾਨ ਨੇ ਆਪਣੇ ਸਿਪਾਹੀਆਂ ਨਾਲ ਕਿਲ੍ਹੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਦੀ ਛਾਣਬਾਣ ਕੀਤੀ। ਕਿਲ੍ਹੇ ਦੀ ਕੇਵਲ ਇਕ ਕੋਠੜੀ ਹੀ ਤਲਾਸ਼ੀ ਲਈ ਰਹਿ ਗਈ ਸੀ, ਜਿਸ ਬਾਰੇ ਪੁੱਛਣ ‘ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਕਹਿੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ?

ਸਰਦਾਰ ਜਾਫਰ ਅਲੀ ਖਾਨ ਚੌਧਰੀ ਨਿਹੰਗ ਖਾਂ ਤੋਂ ਖਿਮਾ ਮੰਗ ਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿਚ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ ਤੇ ਭਾਰੀ ਤਪ ਕੀਤਾ ਸੀ।

ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਅਬ ਨਾ ਸਹਿੰਦੇ ਹੋਏ ਸੱਤ ਪੋਹ ਨੂੰ ਸਦਾ ਲਈ ਵਿਛੜ ਗਏ।ਚੌਧਰੀ ਨਿਹੰਗ ਖਾਂ ਨੇ ਪਿੰਡ ਤੋਂ ਹੀ ਭਾਈ ਗੁਰਸਾ ਸਿੰਘ ਗਹੂਣੀਆਂ ਤੇ ਭਾਈ ਬੱਗਾ ਸਿੰਘ ਤਖਣੇਟੇ ਨੂੰ ਬੁਲਾ ਕੇ ਕਿਲ੍ਹੇ ਵਿਚ ਹੀ ਭਾਈ ਬਚਿੱਤਰ ਸਿੰਘ ਜੀ ਦਾ ਗੁਰ-ਮਰਿਆਦਾ ਨਾਲ ਦਾਹ ਸਸਕਾਰ ਕਰਵਾ ਦਿਤਾ ਗਿਆ।

ਜਨਮ ਦਿਨ ਮੁਬਾਰਕ ਹੋਵੇ ਜੀ।

Related posts

ਸ਼੍ਰੀ ਭਗਤ ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼ ਅਵਤਾਰ ਸਿੰਘ ਮਿਸ਼ਨਰੀ (5104325827)

INP1012

1️⃣2️⃣ ਮਈ,1710 (2022) 29 ਵੈਸਾਖ,554 ਅਨੁਸਾਰ ਸਰਹਿੰਦ ਫਤਿਹ ਦਿਵਸ ਭਾਗ 2

INP1012

ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ ਕਰਕੇ ਭੇਜੀਆਂ ਕਿਸਾਨ ਜਥੇਬੰਦੀਆਂ, ਮੰਗਾਂ ਮੰਨੀਆਂ

INP1012

Leave a Comment