Artical Éducation India International News National News Punjab Story

ਸ਼ੇਰਾਂ ਦੇ ਜਬਾੜੇ-ਪਾੜ ਜਰਨੈਲ,ਸਿਖ ਕੋਮ ਦੇ ਮਹਾਨ ਤੇ ਦੁਨੀਆ ਦੇ ਨੰਬਰ ਇਕ ਜਰਨੈਲ ਸਰਦਾਰ ਹਰੀ ਸਿੰਘ ਨਲੂਆ

3️⃣0️⃣ ਅਪ੍ਰੈਲ,1837
ਸਹੀਦੀ ਸਰਦਾਰ ਹਰੀ ਸਿੰਘ ਜ਼ੀ ਨਲੂਆ

ਸ਼ੇਰਾਂ ਦੇ ਜਬਾੜੇ-ਪਾੜ ਜਰਨੈਲ,ਸਿਖ ਕੋਮ ਦੇ ਮਹਾਨ ਤੇ ਦੁਨੀਆ ਦੇ ਨੰਬਰ ਇਕ ਜਰਨੈਲ ਸਰਦਾਰ ਹਰੀ ਸਿੰਘ ਨਲੂਆ

ਰਾਜ ਦਾ ਸਮਾਂ:-1804-1837
ਜਨਮ:1791
ਸ਼ਹੀਦੀ:30 ਅਪ੍ਰੈਲ,1837 ਜਮਰੌਦ,ਅੰਤਮ ਸੰਸਕਾਰ ਜਮਰੌਦ
ਪਿਤਾ:ਸਰਦਾਰ ਗੁਰਦਿਆਲ ਸਿੰਘ ਜ਼ੀ
ਮਾਤਾ:ਸਰਦਾਰਨੀ ਧਰਮ ਕੌਰ ਜ਼ੀ

ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਦੇ ਪ੍ਰਮੁੱਖ ਯੋਧਾ ਤੇ ਜਰਨੈਲ ਹਨ,ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ:-

ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਤੇ ਸੂਰਬੀਰ ਸੀ।ਉਹ ਸ਼ੇਰ ਨਾਲ ਲੜ ਕੇ ਉਸਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲੂਆ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ।ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ,ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ।

ਹੋਰ ਪੁਸ਼ਟੀਆਂ ਵੀ ਹਨ:
1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ-ਕਸ਼ਮੀਰ ਵਿਚ ਲਿਖਦੇ ਹਨ ਕਿ”ਨਲਵਾ ਸੇ ਮੁਰਾਦ,ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ”।

2) ਇਸੇ ਤਰ੍ਹਾਂ ਐਂਨ. ਕੇ. ਸਿਨਹਾ ਆਪਣੀ ਲਿਖਤ ਤਾਰੀਖ਼ ਵਿਚ ਲਿਖਦਾ ਹੈ ਕਿ ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਨਾਲ ਨਲਵਾ ਉਂਪ ਨਾਮ ਇਸ ਲਈ ਪ੍ਰਸਿੱਧ ਹੋ ਗਿਆ ਕਿ ਉਸ ਨੇ ਸ਼ੇਰ ਦੇ ਸਿਰ ਨੂੰ ਹੱਥਾਂ ਨਾਲ ਮਰੋੜ ਕੇ ਸ਼ੇਰ ਮਾਰ ਦਿਤਾ ਸੀ।

ਇਸ ਮਹਾਨ ਜਰਨੈਲ ਦਾ ਜਨਮ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ। ਸੱਤ ਸਾਲਾਂ ਦੀ ਉਮਰ ਚ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ।ਬਚਪਨ ਦੇ ਦਿਨ ਮਾਮੇ ਦੇ ਘਰ ਗੁਜਾਰੇ।ਵਿੱਦਿਆ ਦਾ ਯੋਗ ਪ੍ਰਬੰਧ ਨਾ ਹੋ ਸਕਿਆ।ਪਰਮਾਤਮਾ ਵੱਲੋਂ ਹੀ ਅਜਿਹੀ ਬੁੱਧ ਪ੍ਰਾਪਤ ਹੋਈ ਕਿ ਇਕ ਵਾਰੀ ਜੋ ਦੇਖ/ਸੁਣ ਲੈਂਦੇ, ਉਸ ਨੂੰ ਝੱਟ ਆਪਣੇ ਹਿਰਦੇ ਵਿਚ ਵਸਾ ਲੈਂਦੇ। ਲਗਭਗ 15 ਸਾਲ ਦੀ ਉਮਰ ਚ ਦੇਖੋ-ਦੇਖੀ ਸਾਰੇ ਜੰਗੀ ਕਰਤਬਾਂ ਵਿਚ ਮੁਹਾਰਤ ਹਾਸਲ ਕਰ ਲਈ ਤੇ ਨਾਲ ਹੀ ਫ਼ਾਰਸੀ, ਗੁਰਮੁਖੀ ਵਿਚ ਵੀ ਕਾਫ਼ੀ ਯੋਗਤਾ ਪ੍ਰਾਪਤ ਕਰ ਲਈ।

ਮਹਾਰਾਜਾ ਰਣਜੀਤ ਸਿੰਘ ਜੀ ਦੇ ਦਰਬਾਰ ਵਿਚ ਚੋਣ:-
ਸਾਲ ਵਿਚ ਇਕ ਵਾਰੀ ਮਹਾਰਾਜਾ ਰਣਜੀਤ ਸਿੰਘ ਘੋੜ ਸਵਾਰੀ, ਤਲਵਾਰਬਾਜ਼ੀ,ਨੇਜ਼ਾਬਾਜ਼ੀ,ਨਿਸ਼ਾਨਾਬਾਜ਼ੀ ਆਦਿ ਦੇ ਸ਼ਾਹੀ ਦਰਬਾਰ ਕਰਾਉਂਦੇ ਹੁੰਦੇ ਸਨ। ਇਹ ਮੁਕਾਬਲਾ ਤਾਂ ਹੁੰਦਾ ਸੀ ਕਿ ਨੌਜਵਾਨਾਂ ਦੇ ਹੌਸਲੇ ਬੁਲੰਦ ਹੋ ਸਕਣ।ਸੰਨ 1805 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਰਤਬ ਦਿਖਾਉਣ ਲਈ ਦਰਬਾਰ ਕਰਾਇਆ ਸੀ। ਇਸ ਵਿਚ ਸ. ਹਰੀ ਸਿੰਘ ਨਲਵੇ ਨੇ ਪਹਿਲੀ ਵਾਰੀ ਆਪਣੇ ਕਰਤਬ ਦਿਖਾਏ। ਇਨ੍ਹਾਂ ਕਰਤਬਾਂ ਨੂੰ ਦੇਖ ਕੇ ਮਹਾਰਾਜਾ ਜੀ ਨੇ ਉਸ ਨੂੰ ਆਪਣੀ ਫੌਜ ਵਿਚ ਭਰਤੀ ਕਰ ਲਿਆ। ਕੁਝ ਹੀ ਦਿਨਾਂ ਬਾਅਦ ਆਪ ਦੀ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਮਹਾਰਾਜੇ ਨੇ ਆਪ ਜੀ ਨੂੰ ਆਪਣੀ “ਸ਼ੇਰਦਿਲ”ਨਾਮੀ ਰੈਜਮੈਂਟ ਦੀ ਸਰਦਾਰੀ ਦੇ ਦਿੱਤੀ।

ਇਸੇ ਤਰ੍ਹਾਂ 1807 ਵਿਚ ਕਸੂਰ ਦੀ ਫ਼ਤਹਿ ਸਮੇਂ ਸਰਦਾਰ ਹਰੀ ਸਿੰਘ ਨਲੂਆ ਨੇ ਮਹਾਨ ਬੀਰਤਾ ਦਿਖਾਈ,ਇਨਾਮ ਵਜੋਂ ਆਪ ਜੀ ਨੂੰ ਜਾਗੀਰ ਮਿਲੀ।

ਮਹਾਰਾਜਾ ਨੇ 1810 ਵਿਚ ਮੁਲਤਾਨ ਉਂਤੇ ਚੜ੍ਹਾਈ ਕਰਨ ਲਈ ਖ਼ਾਲਸਾ ਫੌਜ ਨੂੰ ਹੁਕਮ ਦਿੱਤਾ। ਅੱਗੋਂ ਉਥੋਂ ਦਾ ਨਵਾਬ ਮਜੱਫਰ ਖ਼ਾਨ ਵੀ ਆਪਣੀ ਨਾਮੀ ਫੌਜ ਅਤੇ ਪ੍ਰਸਿੱਧ ਕਿਲ੍ਹੇ ਦੇ ਭਰੋਸੇ ਤੇ ਖ਼ਾਲਸਾ ਫੌਜ ਨੂੰ ਰੋਕਣ ਲਈ ਡਟ ਗਿਆ। ਸ਼ੇਰ-ਏ-ਪੰਜਾਬ ਨੇ ਜਦੋਂ ਲੜਾਈ ਦੀ ਢਿੱਲ ਵੇਖੀ ਤਾਂ ਕਿਲ੍ਹੇ ਦੀ ਕੰਧ ਨੂੰ ਬਾਰੂਦ ਨਾਲ ਉਡਾਉਣ ਲਈ ਕੁਝ ਸਿਰਲੱਥ ਯੋਧਿਆਂ ਦੀ ਮੰਗ ਕੀਤੀ। ਇਸ ਸਮੇਂ ਸ. ਹਰੀ ਸਿੰਘ ਨਲੂਆ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ।

ਇਹ ਮਹਾਨ ਤੇ ਭਿਆਨਕ ਕੰਮ ਸ. ਹਰੀ ਸਿੰਘ ਤੇ ਹੋਰ ਬਹਾਦਰ ਸਿੰਘਾਂ ਨੇ ਬੜੀ ਨਿਡਰਤਾ ਤੇ ਦਲੇਰੀ ਨਾਲ ਸਿਰੇ ਚਾੜ੍ਹਿਆ ਤੇ ਜ਼ਖ਼ਮੀ ਹੁੰਦਿਆਂ ਵੀ ਹੌਸਲਾ ਨਾ ਹਾਰਿਆ।

1818 ਵਿਚ ਮੁਲਤਾਨ ਦੀ ਅਖ਼ੀਰਲੀ ਫ਼ਤਹਿ ਅਤੇ ਫਿਰ ਕਸ਼ਮੀਰ ਜਿੱਤਣ ਵਿਚ ਆਪ ਨੇ ਵੱਡੇ ਕਾਰਨਾਮੇ ਕੀਤੇ। ਕਸ਼ਮੀਰ ਦੇ ਵਿਗੜ ਚੁਕੇ ਮੁਲਕੀ ਪ੍ਰਬੰਧਾਂ ਨੂੰ ਸੁਧਾਰਨ ਲਈ ਆਪ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ।

ਆਪ ਨੇ ਹੀ ਵੱਡੀਆਂ ਘਾਲਾਂ ਘਾਲ ਕੇ ਕਸ਼ਮੀਰ ਨੂੰ ਖ਼ਾਲਸਾ ਰਾਜ ਵਿਚ ਮਿਲਾ ਲਿਆ । ਆਪ ਦੇ ਰਾਜ ਪ੍ਰਬੰਧ ਤੇ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਦੇ ਦਿੱਤਾ। ਇਹ ਅਧਿਕਾਰ ਖ਼ਾਲਸਾ ਰਾਜ ਵਿਚ ਕੇਵਲ ਆਪ ਜੀ ਨੂੰ ਹੀ ਮਿਲਿਆ ਹੈ।

ਨੁਸ਼ਹਿਰੇ ਤੇ ਜਹਾਂਗੀਰ ਦੀ ਜੰਗ ਵਿਚ ਵੀ ਫ਼ਤਹਿ ਪਾਈ। ਇਸ ਦੇ ਬਾਰੇ ਅਲੈਗਜੈਂਡਰ ਬਰਨਜ਼ ਤੇ ਮੌਲਵੀ ਸਾਹਨਤ ਅਲੀ ਲਿਖਦੇ ਹਨ ਕਿ”ਖ਼ਾਲਸੇ ਦੀਆਂ ਇਹ ਸਫ਼ਲਤਾਵਾਂ ਐਸੇ ਅਸਾਧਾਰਨ ਕਾਰਨਾਮਿਆ ਨੇ ਵੱਡੀਆਂ-ਵੱਡੀਆਂ ਤਾਕਤਾਂ ਨੂੰ ਵੀ ਚਿੰਤਾ ਚ ਪਾ ਦਿੱਤਾ।

1834 ਵਿਚ ਸ਼ੇਰ-ਏ-ਪੰਜਾਬ ਤੇ ਸਰਦਾਰ ਹਰੀ ਸਿੰਘ ਨਲਵੇ ਨੇ ਫੈਸਲਾ ਕੀਤਾ ਕਿ ਪਿਸ਼ਾਵਰ ਤੇ ਸਰਹੱਦੀ ਸੂਬੇ ਨੂੰ ਖ਼ਾਲਸਾ ਰਾਜ ਵਿਚਂ ਮਿਲਾ ਕੇ ਭਾਵ ਸੂਬਾ ਪਿਸ਼ਾਵਰ ਨੂੰ ਅਫਗਾਨਿਸਤਾਨ ਨਾਲੋਂ ਕੱਟ ਕੇ ਪੰਜਾਬ ਨਾਲ ਮਿਲਾਓਣ ਤੇ ਹੀ ਪੰਜਾਬ ਤੇ ਹਿੰਦੁਸਤਾਨ ਨੂੰ ਵਿਦੇਸ਼ੀਆਂ ਦੇ ਧਾਵਿਆਂ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਨਲਵੇ ਅਤੇ ਕੰਵਰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪਿਸ਼ਾਵਰ ਤੇ ਹੱਲਾ ਬੋਲਣ ਲਈ ਆਖਿਆ।

27 ਅਪ੍ਰੈਲ,1834 ਨੂੰ ਸਰਦਾਰ ਹਰੀ ਸਿੰਘ ਜ਼ੀ ਨੇ ਬੜੀ ਸਫ਼ਲਤਾ ਨਾਲ ਦਰਿਆ ਅਟਕ ਤੋਂ ਬੇੜੀਆਂ ਰਾਹੀਂ ਖ਼ਾਲਸਾ ਫੌਜ ਪਾਰ ਕਰਵਾਈ। ਓਧਰ ਪਿਸ਼ਾਵਰ ਦੇ ਹਾਕਮਾਂ ਨੇ ਵੀ ਖ਼ਾਲਸਾ ਫੌਜ ਨੂੰ ਰੋਕਣ ਲਈ ਮੋਰਚੇ ਬਣਾ ਕੇ ਤੋਪਾਂ ਬੀੜ ਦਿੱਤੀਆਂ ਅਤੇ ਪਿਸ਼ਾਵਰ ਦੇ ਰਾਹ ਨੂੰ ਕਾਬੂ ਵਿਚ ਕਰ ਲਿਆ।

ਜਦੋਂ ਖ਼ਾਲਸਾ ਫੌਜ ਉਨ੍ਹਾਂ ਦੇ ਮੋਰਚਿਆਂ ਤੇ ਪਹੁੰਚਣ ਵਾਲੀ ਸੀ ਤਾਂ ਅੱਗੋਂ ਧੂੰਆਂਧਾਰ ਗੋਲਾਬਾਰੀ ਸ਼ੁਰੂ ਕਰ ਦਿੱਤੀ। ਤੋਪਾਂ ਦੀ ਗੋਲਾਬਾਰੀ ਨਾਲ ਆਕਾਸ਼ ਕੰਬ ਉਠਿਆ। ਇਸੇ ਸਮੇਂ ਹਾਜੀ ਖਾਨ ਦਲੇਰੀ ਨਾਲ ਲੜਦਾ ਹੋਇਆ ਸਰਦਾਰ ਰਾਮ ਸਿੰਘ ਹਸਨਵਾਲੀਏ ਦੀ ਤਲਵਾਰ ਨਾਲ ਸਖ਼ਤ ਫੱਟੜ ਹੋ ਗਿਆ। ਅਫ਼ਗਾਨ ਦਲੇਰੀ ਨਾਲ ਲੜੇ ਪਰ ਖ਼ਾਲਸੇ ਦੇ ਜ਼ੋਰ ਅੱਗੇ ਟਿਕ ਨਾ ਸਕੇ।

ਮਈ 1834 ਨੂੰ ਬਾਅਦ ਦੁਪਹਿਰ ਤਕ ਪਿਸ਼ਾਵਰ ਉਂਤੇ ਸਿੰਘਾਂ ਦਾ ਅਧਿਕਾਰ ਹੋ ਗਿਆ। ਹੁਣ ਸਾਰਾ ਸਰਹੱਦੀ ਇਲਾਕਾ ਖ਼ਾਲਸੇ ਦੇ ਅਧੀਨ ਹੋ ਗਿਆ ਸੀ।

ਸੱਤ ਸਦੀਆਂ (700 ਸਾਲਾਂ) ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੁੜ ਗਿਆ। ਇਸ ਮਹਾਨ ਕਰਤਬ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਂ ਦਿੱਤਾ ਹੈ।

ਇਤਿਹਾਸਕਾਰ ਲਿਖਦੇ ਹਨ ਕਿ ਇਸ ਜਿੱਤ ਦੀ ਖੁਸ਼ੀ ਵਿਚ ਪਿਸ਼ਾਵਰ ਦੇ ਮੁਸਲਮਾਨਾਂ ਅਤੇ ਹਿੰਦੂਆਂ ਨੇ ਇਸ ਰਾਤ ਦੀਪਮਾਲਾ ਕੀਤੀ, ਕਿਉਂਕਿ ਉਨ੍ਹਾਂ ਨੇ ਬਾਰਕਜਈਆਂ ਹੱਥੋਂ ਛੁਟਕਾਰਾ ਪਾਇਆ ਸੀ।

ਪਿਸ਼ਾਵਰ ਜਿੱਤਣ ਤੋਂ ਬਾਅਦ ਸਰਦਾਰ ਹਰੀ ਸਿੰਘ ਨਲਵੇ ਨੇ ਸਭ ਤੋਂ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਉਪਰ ਔਰੰਗਜ਼ੇਬ ਨੇ ਜੋ ਪ੍ਰਤੀ ਸਿਰ ਇਕ ਦੀਨਾਰ (ਚਾਰ ਮਾਸੇ ਦਾ ਸੋਨੇ ਦਾ ਸਿੱਕਾ) ਜਜ਼ੀਆ ਲਾਇਆ ਹੋਇਆ ਸੀ, ਪੂਰੀ ਤਰ੍ਹਾਂ ਹਟਾ ਕੇ ਰਾਜ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਾ ਸ਼ੁਰੂ ਕੀਤਾ।

ਇਸ ਵਧੀਆ ਰਾਜ ਪ੍ਰਬੰਧ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦੇ ਸੂਬੇ ਵਿਚ ਵੀ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੁਕਮ ਦਿੱਤਾ।ਇਹ ਵਡਿਆਈ ਸ. ਹਰੀ ਸਿੰਘ ਨਲਵੇ ਨੂੰ ਦੂਜੀ ਵਾਰ ਮਿਲੀ।

ਤਨਾਵਲੀ ਕੌਮ ਲੜਾਈ
ਨਵੰਬਰ ਵਿਚ ਮਹਾਰਾਜਾ ਰਣਜੀਤ ਸਿੰਘ ਜ਼ੀ ਦੀ ਫ਼ੌਜ ਨੇ ਮੁੰਗੇਰ ਅਤੇ ਡੇਰਾ ਜਾਤ ਤੇ ਕਬਜ਼ੇ ਵਾਸਤੇ ਚੜ੍ਹਾਈ ਕੀਤੀ। ਉਧਰ ਮਹਾਰਾਜੇ ਨਾਲ ਸ਼ਾਮਲ ਹੋਣ ਵਾਸਤੇ ਸਰਦਾਰ ਹਰੀ ਸਿੰਘ ਨਲਵਾ ਦੀ ਫ਼ੌਜ ਵੀ ਕਸ਼ਮੀਰ ਤੋਂ ਚਲ ਪਈ। ਰਾਹ ਵਿਚ 9 ਨਵੰਬਰ,1821 ਨੂੰ 30,000 ਤਨਾਵਲੀ ਕੌਮ ਦੇ ਲੋਕਾਂ ਦੇ ਲਸ਼ਕਰ ਨੇ ਰਾਹ ਰੋਕ ਲਿਆ।
ਨਲਵਾ ਜ਼ੀ ਨੇ ਇਸਮਾਈਲ,ਇਕਬਾਲ ਬੱਟ ਅਤੇ ਧੰਨਾ ਸਿੰਘ ਮਲਵਈ ਨੂੰ ਭੇਜ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਰੀ ਨਾਂਹ ਹੋਣ ਤੇ ਸਿੱਖ ਫ਼ੌਜਾਂ ਨੇ ਹਮਲਾ ਕਰ ਦਿਤਾ।

ਮੇਘ ਸਿੰਘ ਰੂਸਾ ਦੇ ਜੱਥੇ ਨੇ ਤਨਾਵਲੀਆਂ ਦੀਆਂ ਸਫ਼ਾਂ ਤੋੜ ਦਿਤੀਆਂ ਅਤੇ ਅਖ਼ੀਰ ਤਨਾਵਲੀਆਂ ਦਾ ਮੁਖੀ ਤੇ ਉਸ ਦੇ ਸਾਰੇ ਸਾਥੀ ਮਾਰੇ ਗਏ।6 ਘੰਟੇ ਦੀ ਜੰਗ ਵਿਚ 2000 ਦੇ ਕਰੀਬ ਤਨਾਵਲੀ ਮਾਰੇ ਗਏ (ਇਸ ਦੌਰਾਨ ਕੁੱਝ ਸਿੱਖ ਵੀ ਸ਼ਹੀਦ ਹੋਏ)।

ਅਖ਼ੀਰ ਉਨ੍ਹਾਂ ਦੇ ਮੁਖੀ, ਚਿੱਟੇ ਝੰਡੇ ਲੈ ਕੇ ਆ ਪੇਸ਼ ਹੋਏ। ਨਲਵਾ ਨੇ ਮੁਆਫ਼ੀ ਦੇ ਦਿਤੀ।

ਇਕ ਵਾਰੀ ਮੁਜੱਫਰਾਬਾਦ ਦੇ ਰਾਹ ਕਸ਼ਮੀਰ ਤੋਂ ਆਉਂਦੇ ਹੋਏ ਮਾਂਗਲੀ ਦੇ ਦਰ੍ਹਾ ਹਜ਼ਾਰੇ ਦੇ ਭਾਰੀ ਲਸ਼ਕਰ ਨੇ ਰੋਕ ਲਿਆ।ਸਰਦਾਰ ਨੇ ਇਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਨੇ ਰਾਹ ਦੇਣ ਤੋਂ ਇਨਕਾਰ ਕਰ ਦਿੱਤਾ। ਉਸੇ ਦਿਨ ਰੱਬ ਦਾ ਭਾਣਾ ਐਸਾ ਵਰਤਿਆ ਕਿ ਮੀਂਹ ਪੈਣ ਲੱਗ ਪਿਆ। ਜਦ ਮੀਂਹ ਹਟਿਆ ਤਾਂ ਲੋਕਾਂ ਨੇ ਆਪਣੇ ਕੋਠਿਆਂ ਦੀਆਂ ਛੱਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁੱਛਣ ਤੇ ਪਤਾ ਲੱਗਾ ਕਿ ਛੱਤਾਂ ਇਸ ਲਈ ਕੁੱਟ ਰਹੇ ਹਨ ਕਿ ਇਥੇ ਦੀ ਮਿੱਟੀ ਨੂੰ ਕੁੱਟਣ-ਮਿੱਟੀ ਆਖਦੇ ਹਨ, ਜੇ ਇਸ ਨੂੰ ਕੁੱਟਿਆ ਨਾ ਜਾਵੇ ਤਾਂ ਠੀਕ ਨਹੀਂ ਬੈਠਦੀ।ਸਰਦਾਰ ਨੇ ਵੀ ਬੁਝ ਲਿਆ ਕਿ ਇਹ ਲੋਕ ਵੀ ਇਸੇ ਮਿੱਟੀ ਦੇ ਬਣੇ ਹੋਏ ਹਨ, ਕੁੱਟ ਖਾਣ ਤੋਂ ਬਿਨਾਂ ਰਸਤਾ ਨਹੀਂ ਦੇਣਗੇ। *ਇਸ ਲਈ ਖ਼ਾਲਸੇ ਨੇ ਚੜ੍ਹਾਈ ਕੀਤੀ ਅਤੇ 30,000 ਫੌਜ ਉਤੇ ਕੇਵਲ 7000 ਸਿੰਘਾਂ ਨੇ ਫ਼ਤਹਿ ਪਾਈ।

ਕਿਲਾ ਜਮਰੌਦ
30 ਅਪ੍ਰੈਲ ਨੂੰ ਅਕਬਰ ਖ਼ਾਨ ਨੇ ਸਿੱਖ ਫੌਜਾਂ ਦੀ ਅਣਹੋਂਦ ਨੂੰ ਜਾਣਦਿਆਂ ਜਮਰੌਦ ਉੱਤੇ ਹਮਲਾ ਕਰ ਦਿੱਤਾ ਕਿਉਕਿ ਕੁਝ ਰੁਝੇਵਿਆਂ ਕਾਰਨ ਸਿੱਖ ਫੌਜਾਂ ਨੂੰ ਜਮਰੌਦ ਅਤੇ ਪਿਸ਼ਾਵਰ ਤੋਂ ਵਾਪਸ ਭੇਜ ਦਿੱਤਾ ਗਿਆ। ਸਰਦਾਰ ਹਰੀ ਸਿੰਘ ਨਲਵਾ ਜ਼ੀ ਨੇ ਜਮਰੌਦ ਦੇ ਜੰਗੀ ਮੈਦਾਨ ਵਿਚ ਆਪਪਹੁੰਚ ਕੇ ਅਫ਼ਗਾਨਾਂ ਨਾਲ ਯੁੱਧ ਕੀਤਾ।

ਕਿਉਕਿ ਕੁਝ ਰੁਝੇਵਿਆਂ ਕਾਰਨ ਸਿੱਖ ਫੌਜਾਂ ਨੂੰ ਜਮਰੌਦ ਅਤੇ ਪਿਸ਼ਾਵਰ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਤਾਂ ਹਾਲਾਤ ਦੇਖਦੇ ਹੋਏ ਸਰਦਾਰ ਹਰੀ ਸਿੰਘ ਨਲਵਾ ਨੇ ਲਾਹੌਰ ਤੋਂ ਤੁਰੰਤ ਸਹਾਇਤਾ ਦੀ ਮੰਗ ਕੀਤੀ, ਪਰ ਡੋਗਰੇ ਧਿਆਨ ਸਿੰਘ ਦੁਆਰਾ ਜਾਣ-ਬੁੱਝ ਕੇ ਸਰਦਾਰ ਹਰੀ ਸਿੰਘ ਨਲਵਾ ਦੀ ਸਥਿਤੀ ਨੂੰ ਮੁਸ਼ਕਲ ਬਣਾਉਣ ਲਈ ਉਸ ਦੀ ਬੇਨਤੀ ਨੂੰ ਮਹਾਰਾਜਾ ਰਣਜੀਤ ਸਿੰਘ ਤਕ ਨਹੀਂ ਪਹੁੰਚਣ ਦਿੱਤਾ ਗਿਆ। ਇਸ ਲੜਾਈ ਵਿੱਚ ਦੋਵਾਂ ਪਾਸਿਆਂ ਤੋਂ ਭਾਰੀ ਜਾਨੀ ਨੁਕਸਾਨ ਹੋਇਆ।

ਅਫ਼ਗਾਨ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਵਿਚ ਨਲਵਾ ਜ਼ੀ ਵੀ ਹੈ। ਪਹਿਲਾਂ ਤਾਂ ਉਹ ਇਸ ਹਮਲੇ ਨੂੰ ਜੋਸ਼ ਨਾਲ ਰੋਕਦੇ ਰਹੇ। ਪਰ ਜਦੋਂ ਸ. ਹਰੀ ਸਿੰਘ ਨਲਵੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਹੌਸਲੇ ਟੁੱਟ ਗਏ। ਅਫਗਾਨਾਂ ਨੂੰ ਭਾਜੜ ਪੈ ਗਈ।

ਇਸ ਤਰ੍ਹਾਂ ਅਫ਼ਗਾਨਾਂ ਪਾਸੋਂ ਸ. ਹਰੀ ਸਿੰਘ ਨਲਵੇ ਨੇ 14 ਤੋਪਾਂ ਵੀ ਖੋਹ ਲਈਆਂ, ਜਦੋਂ ਸਾਰੇ ਅਫਗਾਨ ਦੌੜ ਕੇ ਛਿਪ ਗਏ ਤਾਂ ਸ. ਹਰੀ ਸਿੰਘ ਨਲਵੇ ਨੇ ਸੋਚਿਆ ਕਿ ਹੁਣ ਖ਼ਾਲਸਾ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿਚ ਲਿਜਾ ਕੇ ਆਰਾਮ ਦਿਵਾਇਆ ਜਾਏ।

ਪਰ ਸ. ਨਿਧਾਨ ਸਿੰਘ ਪੰਜ ਹੱਥਾ, ਜਿੱਤ ਦੇ ਜੋਸ਼ ਵਿਚ ਵੈਰੀਆਂ ਦੇ ਸਿਰ ਹੋਇਆ ਦੱਰ੍ਹੇ ਦੇ ਅੰਦਰ ਚਲਾ ਗਿਆ।
*ਜਦੋਂ ਸ. ਹਰੀ ਸਿੰਘ ,ਜ਼ੀ ਨੇ ਸ.ਨਿਧਾਨ ਸਿੰਘ ਨੂੰ ਗੁਫ਼ਾ ਦੇ ਅੰਦਰ ਜਾਂਦੇ ਵੇਖਿਆ ਤਾਂ ਝੱਟ ਉਸ ਨੂੰ ਬੁਲਾਉਣ ਲਈ ਗੁਫ਼ਾ ਵੱਲ ਵਧਿਆ।
ਸ. ਹਰੀ ਸਿੰਘ ਨਲਵੇ ਜ਼ੀ ਦਾ ਬਾਡੀਗਾਰਡ ਸਰਦਾਰ ਅਜਾਇਬ ਸਿੰਘ ਗੁਫ਼ਾ ਵੱਲ ਵਧਿਆ ਤਾਂ ਗੁਫ਼ਾ ਵਿਚ ਛੁਪੇ ਅਫਗਾਨ ਨੇ ਅਜਾਇਬ ਸਿੰਘ ਦੇ ਗੋਲੀ ਮਾਰੀ। ਬਾਡੀਗਾਰਡ ਉਥੇ ਹੀ ਢੇਰੀ ਹੋ ਗਿਆ।

ਇਸੇ ਸਮੇਂ ਸ. ਹਰੀ ਸਿੰਘ ਜ਼ੀ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਗੁਫ਼ਾ ਵਿਚੋਂ ਹੋਰ ਗੋਲੀਆਂ ਚੱਲੀਆਂ ਜਿਸ ਵਿਚੋਂ ਦੋ ਗੋਲੀਆਂ ਨਲਵਾ ਜ਼ੀ ਦੇ ਲੱਗੀਆਂ। ਇੰਨੇ ਨੂੰ ਬਾਕੀ ਸਵਾਰ ਵੀ ਉਥੇ ਪਹੁੰਚੇ ਅਤੇ ਵੈਰੀਆਂ ਨੂੰ ਚੁਣ-ਚੁਣ ਮਾਰਿਆ ਪਰ ਜਿਹੜਾ ਭਾਣਾ ਵਰਤਣਾ ਸੀ,ਵਰਤ ਚੁਕਾ ਸੀ।

ਸਰਦਾਰ ਹਰੀ ਸਿੰਘ ਨਲਵਾ ਨੇ ਫੱਟੜ ਹੋਣ ਦੇ ਬਾਵਜੂਦ ਬੜੇ ਹੌਸਲੇ ਨਾਲ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਮੋੜ ਲਈਆਂ ਅਤੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਸਰਦਾਰ ਮਹਾਂ ਸਿੰਘ ਨੇ ਧਿਆਨ ਪੂਰਬਕ ਨਲਵੇ ਨੂੰ ਘੋੜੇ ਤੋਂ ਉਤਾਰਿਆ। ਸਰਦਾਰ ਹਰੀ ਸਿੰਘ ਨਲਵੇ ਨੇ ਆਪਣੀ ਹਾਲਤ ਨਾਜ਼ਕ ਵੇਖੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਬੁਲਾ ਕੇ, ਇਨ੍ਹਾਂ ਕਾਲੇ ਪਰਬਤਾਂ ਵਿਚ ਖ਼ਾਲਸਾਈ ਝੰਡੇ ਦੀ ਇੱਜ਼ਤ-ਆਬਰੂ ਕਾਇਮ ਰੱਖਣ ਲਈ ਅਖੀਰਲੇ ਸਵਾਸਾਂ ਤਕ ਡਟੇ ਰਹਿਣ ਦੀ ਪ੍ਰੇਰਨਾ ਕੀਤੀ।

ਇਹ ਵੀ ਆਖਿਆ ਕਿ ਮੇਰੀ ਮੌਤ ਦੀ ਖ਼ਬਰ ਗੁਪਤ ਰੱਖਣੀ, ਇਸ ਨਾਲ ਖ਼ਾਲਸੇ ਦੀ ਫੌਜੀ ਸ਼ਕਤੀ ਬਰਕਰਾਰ ਰਹੇਗੀ। ਅੱਗੇ ਹੋਰ ਵੀ ਕਈ ਕੁਝ ਕਹਿਣਾ ਚਾਹੁੰਦੇ ਸਨ ਪਰ ਗੱਲ ਪੂਰੀ ਨਾ ਕਰ ਸਕੇ ਅਤੇ ਪ੍ਰਾਣ ਤਿਆਗ ਦਿਤੇ।

ਇਹ ਸਮਾਂ 30 ਅਪ੍ਰੈਲ 1837 ਦੀ ਰਾਤ ਦਾ ਸੀ। ਸ. ਮਹਾਂ ਸਿੰਘ ਨੇ ਸਰਦਾਰ ਨਲਵਾ ਦੀ ਆਖਰੀ ਇੱਛਾ ਅਨੁਸਾਰ ਭੇਦ ਗੁਪਤ ਰੱਖਣ ਲਈ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁਕਰ ਵੱਲ ਸਾਦੇ ਢੰਗ ਨਾਲ ਕਨਾਤਾਂ ਦੇ ਅੰਦਰ ਸਸਕਾਰ ਕਰ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਨੇ ਕੌੜੇ ਹੰਝੂ ਰੋਏ, ਕਿਉਂਕਿ ਹਰੀ ਸਿੰਘ ਦਾ ਘਾਟਾ ਬਹੁਤ ਵੱਡਾ ਸੀ।ਸਰਦਾਰ ਹਰੀ ਸਿੰਘ ਨਲੂਏ ਦੀ ਕੌਮ ਪ੍ਰਤੀ ਸਮਰਪਿਤ ਭਾਵਨਾ ਤੇ ਨਿੱਡਰਤਾ ਨਾਲ ਸੱਚ ’ਤੇ ਪਹਿਰਾ ਦੇਣ ਦੇ ਜਜ਼ਬੇ ਦਾ ਜਿਉਂਦਾ-ਜਾਗਦਾ ਪ੍ਰਤੀਕ ਹੈ।

ਨਲੂਆ ਸਰਦਾਰ ਨੂੰ ਯਾਦ ਕਰਦਿਆਂ, ਜਿਥੇ ਉਸ ਦੀ ਸਿੱਖ ਰਾਜ ਪ੍ਰਤੀ ਸਮਰਪਿਤ ਭਾਵਨਾ, ਬਹਾਦਰੀ, ਯੁੱਧ ਕਲਾਂ ਦੀ ਪ੍ਰਸੰਸਾ ਆਪਣੇ ਆਪ ਹੁੰਦੀ ਹੈ, ਉਥੇ ਸਿੱਖ ਕੌਮ ਤੇ ਗਦਾਰਾਂ ਦੀ ਕਾਲ਼ੀ ਨਜ਼ਰ, ਜਿਸਦੀ ਭੇਂਟ ਕੌਮ ਦੇ ਅਜਿਹੇ ਮਹਾਨ ਨਾਇਕ ਚੜ੍ਹੇ ਹਨ, ਵੀ ਯਾਦ ਆਉਂਦੀ ਹੈ।

ਅੱਜ ਵੀ ਜੇ ਵਰਤਮਾਨ ਸਿਆਸਤ/ਸਿਸਟਮ ਵੱਲ ਦੇਖੀਏ ਤਾਂ ਉਹੀ ਗੰਦੀ ਖੇਡ ਨਜ਼ਰ ਆਉਂਦੀ ਹੈ। ਚਾਪਲੂਸਾਂ, ਸੁਆਰਥੀਆਂ ਦੀ ਅੱਜ ਵੀ ਚਾਂਦੀ ਹੈ, ਜਦੋਂ ਕਿ ਕੌਮ ਨੂੰ ਸਮਰਪਿਤ ਸਿੱਖ ਕਿਧਰੋਂ ਲੱਭੇ ਨਹੀਂ ਲਭਦੇ।
ਉਨ੍ਹਾਂ ਨੂੰ ਇੱਕ-ਇੱਕ ਕਰਕੇ, ਜਿਵੇਂ ਡੋਗਰਿਆਂ ਨੇ ਕੀਤਾ ਸੀ, ਪਾਸੇ ਕਰ ਦਿੱਤਾ ਗਿਆ ਹੈ।
ਜਦੋਂ ਸਿੱਖ ਕੌਮ ਆਪਣੇ ਸੱਚੇ-ਸੁੱਚੇ ਜਰਨੈਲਾਂ ਦੀ ਪਰਖ਼ ਕਰਨੀ ਸ਼ੁਰੂ ਕਰ ਦੇਵੇਗੀ, ਡੋਗਰਿਆਂ ਦਾ ਬੋਲ-ਬਾਲਾ ਆਪਣੇ-ਆਪ ਖ਼ਤਮ ਹੋ ਜਾਵੇਗਾ।

ਸ਼ਹੀਦ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ।

Related posts

ਕੇਜਰੀਵਾਲ ਦੀ ਮਕਬੂਲੀਅਤ ਕਾਰਨ ਚੋਣਾਂ ਤੋਂ ਪਹਿਲਾਂ ਭਾਜਪਾ ਹਿਮਾਚਲ ਪ੍ਰਦੇਸ਼ ਦਾ ਮੁੱਖ ਮੰਤਰੀ ਬਦਲਣ ਦੀ ਤਿਆਰੀ ’ਚ: ਸਿਸੋਦੀਆ

INP1012

ਭ੍ਰਿਸ਼ਟਾਚਾਰ ਖਿਲਾਫ 1.50 ਲੱਖ ਸ਼ਿਕਾਇਤਾਂ ‘ਚੋਂ ਸਿਰਫ 3 ‘ਤੇ ਕਾਰਵਾਈ, ਬਾਕੀਆਂ ਦਾ ਕੀ ਹੋਇਆ

INP1012

ਵੰਡ ਦੇ ਵਿਛੜੇ, 74 ਸਾਲ ਬਾਅਦ ਮਿਲੇ ਤੇ ਹੁਣ ਪਾਕਿਸਤਾਨ ਵਿੱਚ ਇੰਝ ਬਿਤਾ ਰਹੇ ਦਿਨ

INP1012

Leave a Comment