7️⃣ ਅਪ੍ਰੈਲ ,1525 ਜਾਂ
0️⃣6️⃣ ਜਨਵਰੀ,1459
ਜਨਮ ਭਾਈ ਮਰਦਾਨਾ
(ਵੱਖ ਵੱਖ ਮਿਤੀਆਂ ਤੇ ਸਾਖੀਕਾਰਾਂ ਅਨੁਸਾਰ ਜਨਮ:- ਪੋਥੀ ਲਿਖੀ ਗੁਰ ਪ੍ਰਸਾਦ ਗੋਰਖ ਦਾਸ ਸੰਗਤ ਗੁਰੂ ਜਾਚਕ”। ਅਨੁਸਾਰ ਸੰਮਤ 1715 ਮਾਘ ਸੁਦੀ 6 ਇਹ ਤਾਰੀਖ 6 ਜਨਵਰੀ 1459 (ਜੂਲੀਅਨ) ਬਣਦੀ ਹੈ।
ਪਰ ਇਸ ਜਨਮ ਸਾਖੀ ਦੇ ਆਰੰਭ ਵਿੱਚ ਹੀ ਇਸ ਦਾ ਲੇਖਕ ਲਿਖਦਾ ਹੈ, “ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582, ਪੰਦ੍ਰਰਾ ਸੈ ਬੈਆਸੀਆਂ ਮਿਤੀ ਵੈਸਾਖ ਸੁਦੀ ਪੰਚਮੀ ਪੋਥੀ ਲਿਖੀ”। ਇਹ ਤਾਰੀਖ 27 ਅਪ੍ਰੈਲ 1525 ਬਣਦੀ ਹੈ।
ਜਦੋਂ ਕਿ ਗੁਰੂ ਜੀ ਅੱਸੂ ਵਦੀ 10 ਸੰਮਤ 1596 ਬਿਕ੍ਰਮੀ (7 ਸਤੰਬਰ 1539 ਈ:) ਜੋਤੀ ਜੋਤ ਸਮਾਏ ਸਨ।)
ਭਾਈ ਮਰਦਾਨਾ, ਜਿਨ੍ਹਾਂ ਦਾ ਪਹਿਲਾ ਨਾਂਅ ਭਾਈ ‘ਦਾਨਾ’ ਸੀ, ਦਾ ਜਨਮ 27 ਅਪ੍ਰੈਲ,1525 ਜਾਂ 6 ਜਨਵਰੀ,1459 ਨੂੰ ਪਿੰਡ ਤਲਵੰਡੀ (ਰਾਏ ਭੋਏ ਦੀ) ਦੇ ਵਸਨੀਕ ਚੌਂਭੜ ਜਾਤ ਦੇ ਮਿਰਾਸੀ ਮੀਰ ਬਾਦਰੇ ਅਤੇ ਮਾਤਾ ਲੱਖੋ ਜੀ ਦੇ ਘਰ ਹੋਇਆ।
ਉਮਰ ਪੱਖੋਂ ਭਾਈ ਮਰਦਾਨਾ ਗੁਰੂੁ ਨਾਨਕ ਪਾਤਸ਼ਾਹ ਨਾਲੋਂ ਲਗਭਗ ਸਵਾ 10 ਸਾਲ ਵੱਡੇ ਸਨ।
ਮਿਰਾਸੀਆਂ ਦੇ ਘਰ ਦੀ ਪੈਦਾਇਸ਼ ਹੋਣ ਕਰਕੇ ਸੰਗੀਤ ਉਨ੍ਹਾਂ ਦੀ ਵਿਰਾਸਤੀ ਦਾਤ ਸੀ।ਭਾਈ ਮਰਦਾਨਾ ਦੀ ਜੋਟੀ ਗੁਰੂ ਨਾਨਕ ਦੇਵ ਜੀ ਨਾਲ ਛੋਟੀ ਉਮਰ ਵਿਚ ਪੈ ਗਈ ਸੀ,ਜੋ ਗੁਰੂ ਸਾਹਿਬ ਵੱਲੋਂ ਮਿਲੇ ਰੱਜਵੇਂ ਪਿਆਰ ਅਤੇ ਸਤਿਕਾਰ ਕਾਰਨ ਆਖ਼ਰੀ ਦਮ ਤੱਕ ਨਿਭਦੀ ਰਹੀ। ਇਹ ਜੋਟੀ ਜਿੱਥੇ ‘ਨਾਨਕੁ ਤਿਨ ਕੈ ਸੰਗਿ ਸਾਥਿ’ ਵਰਗੀ ਭਰਾਤਰੀ ਭਾਵ ਵਾਲੀ ਅਤੇ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੀ ਵਿਚਾਰਧਾਰਾ ਦੀ ਤਰਜਮਾਨੀ ਕਰਦੀ ਹੈ, ਉਥੇ ਸਾਂਝੀਵਾਲਤਾ ਦੇ ਸਿਧਾਂਤ ਨੂੰ ਵੀ ਪਕਿਆਈ ਬਖ਼ਸ਼ਦੀ ਹੈ।
ਭਾਈ ਸਾਹਿਬ ਜਿਥੇ ਇਕ ਉੱਚ ਕੋਟੀ ਦੇ ਸੰਗੀਤਕਾਰ ਸਨ, ਉਥੇ ਗੁਰੂ ਸਾਹਿਬ ਦੇ ਸੱਚੇੇ ਤੇ ਪੱਕੇ ਮਿੱਤਰ ਵੀ ਸਨ। ਸੁੱਖ-ਦੁੱਖ ਦੇ ਭਾਈਵਾਲ ਹੋਣ ਦੇ ਨਾਲ-ਨਾਲ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਵਾਨਿਤ ਪ੍ਰਚਾਰਕ ਵੀ ਸਨ, ਜਿਨ੍ਹਾਂ ਨੂੰ ਗੁਰੂ ਜੀ ਵੱਲੋਂ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਇਨ੍ਹਾਂ ਅਧਿਕਾਰਾਂ ਦੀ ਵਰਤੋਂ ਉਹ ਗੁਰੂ ਨਾਨਕ ਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਕਰਦੇ ਸਨ। ਭਾਈ ਸਾਹਿਬ ਦੇ ਇਸ ਉਪਰਾਲੇ ਨੇ ਬਹੁਤ ਸਾਰੇ ਜਗਿਆਸੂਆਂ ਨੂੰ ਸਿੱਖੀ ਦੇ ਲੜ ਲਾਇਆ, ਜਿਨ੍ਹਾਂ ਵਿਚ ਭਾਈ ਨੀਰੂ ਦਾ ਨਾਂਅ ਵਰਨਣਯੋਗ ਹੈ।
ਭਾਈ ਮਰਦਾਨਾ ਦਾ ਇਹ ਵੀ ਇਕ ਸੁਭਾਗ ਰਿਹਾ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਦਾ ਵਡੇਰਾ ਅਤੇ ਲੰਮੇਰਾ (ਲਗਭਗ ਛੇ ਦਹਾਕੇ) ਸਾਥ ਪ੍ਰਾਪਤ ਹੋਇਆ ਹੈ। ਇਸ ਸਾਥ ਸਦਕਾ ਹੀ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਦੇਸ਼-ਵਿਦੇਸ਼ ਦਾ ਲਗਭਗ 40 ਹਜ਼ਾਰ ਕਿਲੋਮੀਟਰ (ਚਾਰ ਉਦਾਸੀਆਂ) ਦਾ ਸਫ਼ਰ ਤੈਅ ਕੀਤਾ ਹੈ। ਇਸ ਸਫ਼ਰ ਦੌਰਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਿਰਤੀ ਅਕਾਲ ਪੁਰਖ ਨਾਲ ਜੁੜਦੀ ਤਾਂ ਉਹ ਭਾਈ ਸਾਹਿਬ ਨੂੰ ਸੰਬੋਧਿਤ ਹੋ ਕੇ ਆਖਦੇ:-
‘ਮਰਦਾਨਿਆ! ਰਬਾਬ ਵਜਾ ਬਾਣੀ ਆਈ ਹੈ’,
ਤੇ ਭਾਈ ਸਾਹਿਬ ਗੁਰੂ ਜੀ ਦਾ ਹੁਕਮ ਪਾ ਕੇ ਰਬਾਬ ਦੀਆਂ ਤਾਰਾਂ ਛੇੜ ਦਿੰਦੇ।
ਜਿਥੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ 19 ਰਾਗਾਂ ਵਿਚ ਪਰੋ ਕੇ ਗਾਉਣ ਦਾ ਮਾਣ ਹਾਸਲ ਹੈ, ਉਥੇ ਨਾਲ ਹੀ ਉਨ੍ਹਾਂ ਨੂੰ ਗੁਰੂ-ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਵੀ ਮਿਲਦਾ ਹੈ। ਇਹ ਮਾਣ-ਸਤਿਕਾਰ ਭਾਈ ਮਰਦਾਨਾ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਉਸ ਦੀਆਂ ਕਈ ਪੀੜ੍ਹੀਆਂ ਤੱਕ ਬਣਿਆ ਆ ਰਿਹਾ ਹੈ। ਗੁਰੂੁ ਨਾਨਕ ਸਾਹਿਬ ਦੀ ਪੰਜਵੀਂ (ਸ੍ਰੀ ਗੁਰੂ ਅਰਜਨ ਦੇਵ ਜੀ) ਅਤੇ ਛੇਵੀਂ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ) ਜੋਤ ਦੇ ਸਮੇਂ ਕੀਰਤਨ ਦੀ ਸੇਵਾ ਨਿਭਾਉਣ ਵਾਲੇ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਵੀ ਇਸੇ ਹੀ ਖਾਨਦਾਨ ਨਾਲ ਸਬੰਧਤ ਸਨ। ਭਾਈ ਲਾਲ ਜੀ ਅਤੇ ਭਾਈ ਸ਼ਾਦ ਜੀ ਦਾ ਨਾਮਵਰ ਕੀਰਤਨੀ ਜਥਾ ਵੀ ਇਸ ਹੀ ਘਰਾਣੇ ਨਾਲ ਜੁੜਿਆ ਹੋਇਆ ਹੈ।
ਆਪਣੇ ਸੱਚੇ ਅਤੇ ਪੱਕੇ ਸਾਥੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਚਨ-ਬਿਲਾਸ ਕਰਦਿਆਂ ਅਖੀਰ 12 ਨਵੰਬਰ,1534 ਨੂੰ ਭਾਈ ਮਰਦਾਨਾ ਜੀ ਇਸ ਭੌਤਿਕ ਸੰਸਾਰ ਤੋਂ ਰੁਖ਼ਸਤ ਪਾ ਗਏ।
ਜਨਮ ਦਿਨ ਦੀਆਂ ਮੁਬਾਰਕਾਂ ਜੀ।