5️⃣ਮਈ,1723
ਜਨਮ ਦਿਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
ਸਿੱਖ ਕੌਮ ਦੇ ਅਣਖੀ ਯੋਧੇ ਸ: ਜੱਸਾ ਸਿੰਘ ਰਾਮਗੜ੍ਹੀਆ ਜੀ ਦਾ ਜਨਮ 5 ਮਈ,1723 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਤੋਂ 20 ਮੀਲ ਦੂਰ ਪੂਰਬ ਦਿਸ਼ਾ ਵੱਲ ਇਕ ਛੋਟੇ ਜਿਹੇ ਪਿੰਡ ‘ਈਚੋਗਿਲ’ ਵਿਚ ਪਿਤਾ ਗਿਆਨੀ ਭਗਵਾਨ ਸਿੰਘ ਅਤੇ ਮਾਤਾ ਗੰਗੀ ਕੌਰ ਦੇ ਘਰ ਹੋਇਆ।
ਸਰਦਾਰ ਸੋਹਣ ਸਿੰਘ ਜੀ ਸੀਤਲ ਆਪਣੀ ਪੁਸਤਕ ‘ਸਿੱਖ ਮਿਸਲਾਂ ਤੇ ਸਰਦਾਰ ਘਰਾਣੇ’ ਦੇ ਸਫ਼ਾ ਨਬਰ 57 ‘ਤੇ ਲਿਖਦੇ ਹਨ ਕਿ,
‘ਇਹ ਪਿੰਡ ਕਿਸੇ ‘ਈਚੋ’ ਨਾਂਅ ਦੇ ‘ਗਿੱਲ’ ਗੋਤ ਦੇ ਜੱਟ ਨੇ ਵਸਾ ਕੇ ਆਪਣੇ ਨਾਂਅ ‘ਤੇ ਇਸ ਪਿੰਡ ਦਾ ਨਾਂਅ ‘ਈਚੋਗਿਲ’ ਰੱਖਿਆ ਸੀ।
ਆਪ ਜੀ ਦੇ ਨਾਂਅ ਨਾਲ ‘ਰਾਮਗੜ੍ਹੀਆ’ ਸ਼ਬਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸਿੱਖਾਂ ਵਲੋਂ ਬਣਵਾਏ ਗਏ ਕਿਲ੍ਹੇ ‘ਰਾਮਰੌਣੀ’ ਤੋਂ ਜੁੜਿਆ।ਇਸੇ ਤੋਂ ਆਪ ਜੀ ਦੀ ਮਿਸਲ ਦਾ ਨਾਂਅ ਵੀ ‘ਰਾਮਗੜ੍ਹੀਆ ਦੀ ਮਿਸਲ’ ਪੈ ਗਿਆ।’
1733 ਵਿਚ ਦਲ ਖਾਲਸਾ ‘ਤਰੁਣਾ ਦਲ’ ਅਤੇ ‘ਬੁੱਢਾ ਦਲ’ ਵਿਚ ਵੰਡਿਆ ਗਿਆ,
1747-48 ਚ ਜੱਸਾ ਸਿੰਘ ਰਾਮਗੜ੍ਹੀਆ ਜੀ ਅਪਣੇ 3 ਭਰਾਵਾਂ ਜੈ ਸਿੰਘ,ਖੁਸ਼ਹਾਲ ਸਿੰਘ,ਮਾਲੀ ਸਿੰਘ ਤੇ 100 ਸਾਥੀਆਂ ਸਣੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦੀ ਫੋਜ਼ ਚ ਸ਼ਾਮਿਲ ਹੋ ਗਏ,ਜਦੋਂ ਕਿ ਚੌਥਾ ਭਰਾ ਸ: ਤਾਰਾ ਸਿੰਘ ਪੰਥ ਦੇ ਨਾਲ ਰਿਹਾ।
ਸੰਨ 1748-49 ਵਿਚ ਸਿੱਖ ਰਾਮਰੌਣੀ ਦੇ ਕਿਲ੍ਹੇ ਵਿਚ ਘਿਰੇ ਹੋਏ ਸਨ, ਤਦ ਸਰਦਾਰ ਜੱਸਾ ਸਿੰਘ ਜੀ ਨੇ ਅਣਖ ਦਾ ਸਬੂਤ ਦਿੰਦੇ ਆਪਣੇ ਸਾਥੀਆਂ ਸਮੇਤ ਅਦੀਨਾ ਬੇਗ਼ ਦਾ ਸਾਥ ਛੱਡ ਦਿੱਤਾ ਤੇ ਆਪਣੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ।
ਇਸ ਔਖੇ ਸਮੇਂ ਵਿਚ ਸਿੱਖਾਂ ਦੀ ਮਦਦ ਕਰਨ ਕਰਕੇ ਰਾਮਰੌਣੀ ਦਾ ਕਿਲ੍ਹਾ ਸ: ਜੱਸਾ ਸਿੰਘ ਜੀ ਨੂੰ ਦੇ ਦਿੱਤਾ ਗਿਆ,ਜਿਸ ਦਾ ਓਹਨਾਂ ਨਾਂਅ ਬਦਲ ਕੇ ‘ਰਾਮਗੜ੍ਹ’ ਰੱਖ ਦਿੱਤਾ।
9 ਜੂਨ,1716 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਨਾ ਦੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਅਨੇਕਾਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।
ਉਸ ਸਮੇਂ ਸਿੱਖਾਂ ਦੇ ਛੋਟੇ-ਛੋਟੇ ਜਥਿਆਂ ਨੇ ਲੱਖੀ ਜੰਗਲਾਂ, ਮਾਲਵਾ, ਰਾਜਸਥਾਨ ਦੇ ਰੇਗਿਸਤਾਨ ਅਤੇ ਪਹਾੜਾਂ ਦੀਆਂ ਚੋਟੀਆਂ ਵਿਚ ਸ਼ਰਨ ਲੈ ਕੇ ਆਪਣੇ ਆਪ ਨੂੰ ਸੰਗਠਤ ਕੀਤਾ।
ਸਾਲ ਵਿਚ ਕੁਝ ਮਹੀਨਿਆਂ ਲਈ ਸਿੱਖਾਂ ਨੂੰ ਮਜਬੂਰ ਹੋ ਕੇ ਖਿੰਡ-ਪੁੰਡ ਜਾਣਾ ਪੈਂਦਾ ਸੀ ਤੇ ਜਦੋਂ ਮੌਕਾ ਲੱਗਦਾ ਸੀ, ਤਾਂ ਦੁਸ਼ਮਣ ‘ਤੇ ਗੁਰੀਲਾ ਯੁੱਧ ਨੀਤੀ ਰਾਹੀਂ ਹਮਲਾ ਕੀਤਾ ਜਾਂਦਾ ਸੀ।
ਹਰ ਸਮੇਂ ਮੌਤ ਨੂੰ ਸਾਹਮਣੇ ਵੇਖ ਕੇ ਇਨ੍ਹਾਂ ਹਾਲਾਤਾਂ ਨੇ ਸਿੱਖਾਂ ਨੂੰ ਦਲੇਰ ਤੇ ਨਿਡਰ ਬਣਾ ਦਿੱਤਾ ਸੀ।
ਇਤਿਹਾਸਕਾਰਾਂ ਅਨੁਸਾਰ 1748 ਤੱਕ ਸਿੱਖ 65 ਜਥਿਆਂ ਵਿਚ ਵੰਡੇ ਹੋਏ ਸਨ, ਜੋ ਘਟ ਕੇ ਬਾਅਦ ਵਿਚ 12 ਛੋਟੀਆਂ ਵੱਡੀਆਂ ਜਥੇਬੰਦੀਆਂ ਵਿਚ ਤਬਦੀਲ ਹੋ ਗਏ, ਜਿਨ੍ਹਾਂ ਨੂੰ ‘ਸਿੱਖ ਮਿਸਲਾਂ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।
ਸੰਨ 1753 ਵਿਚ ਮੀਰ ਮੰਨੂ ਦੀ ਮੌਤ ਮਗਰੋਂ ਪੰਜਾਬ ਵਿਚ ਦਹਿਸ਼ਤ ਫੈਲ ਗਈ। ਇਹੋ ਮੌਕਾ ਸੀ ਜਦੋਂ ਸਿੱਖ ਮਿਸਲਾਂ ਨੇ ਆਪਣੀ ਸ਼ਕਤੀ ਨੂੰ ਵਧਾਉਣਾ ਸ਼ੁਰੂ ਕੀਤਾ। ਸ: ਜੱਸਾ ਸਿੰਘ ਜੀ ਨੇ ਰਿਆੜਕੀ (ਧਾਰੀਵਾਲ, ਘੁਮਾਣ, ਕਾਦੀਆਂ, ਹਰਚੋਵਾਲ ਤੇ ਹਰਗੋਬਿੰਦਪੁਰ), ਅੰਮ੍ਰਿਤਸਰ ਦੇ ਉੱਤਰ ਵੱਲ ਦੇ ਇਲਾਕੇ ਬਟਾਲਾ, ਜਲੰਧਰ-ਦੁਆਬ ਤੇ ਹੋਰ ਬਹੁਤ ਸਾਰੇ ਖੇਤਰਾਂ ‘ਤੇ ਕਬਜ਼ਾ ਕਰ ਲਿਆ।ਆਪ ਜੀ ਦੀ ਵਧ ਰਹੀ ਸ਼ਕਤੀ ਵੇਖ ਕੇ ਹੋਰ ਸਿਖ ਮਿਸਲਾਂ ਦੇ ਸਰਦਾਰ ਉਸ ਨਾਲ ਈਰਖਾ ਕਰਨ ਲੱਗੇ।
ਆਖ਼ਰ ਆਹਲੂਵਾਲੀਆਂ, ਕਨ੍ਹਈਆਂ, ਸ਼ੁਕਰਚੱਕੀਆਂ ਤੇ ਭੰਗੀਆਂ ਨੇ ਇਕ ਸਾਂਝਾ ਮੋਰਚਾ ਕਾਇਮ ਕਰਕੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੂੰ ਓਹਨਾ ਦੇ ਇਲਾਕੇ ‘ਚੋਂ ਖਦੇੜ ਦਿੱਤਾ ਤੇ ਆਪ ਸਤਲੁਜ ਦਰਿਆ ਵੱਲ ਜਾਣ ਲਈ ਮਜਬੂਰ ਹੋ ਗਏ।
ਸੁਲਤਾਨ ਉਲ ਕੋਮ ਸ: ਜੱਸਾ ਸਿੰਘ ਜੀ ਆਹਲੂਵਾਲੀਆ ਦੇ ਅਕਾਲ ਚਲਾਣੇ ਮਗਰੋਂ ਸ: ਜੱਸਾ ਸਿੰਘ ਰਾਮਗੜ੍ਹੀਆ 1783 ਵਿਚ ਮੁੜ ਆਪਣੇ ਇਲਾਕੇ ਰਿਆੜਕੀ ਵਿਖੇ ਪਹੁੰਚੇ ਤੇ ਸਾਰਾ ਇਲਾਕਾ ਜਿੱਤ ਕੇ ਸ੍ਰੀ ਹਰਗੋਬਿੰਦਪੁਰ ਨੂੰ ਰਾਜਧਾਨੀ ਬਣਾਇਆ।
ਕਲਾਨੌਰ,ਕਾਦੀਆਂ,ਦੀਨਾਨਗਰ ਤੇ ਜਲੰਧਰ-ਦੁਆਬ ਦੇ ਇਲਾਕਿਆਂ ‘ਤੇ ਅਧਿਕਾਰ ਕਰ ਲਿਆ। ਉਸ ਸਮੇਂ ਸਾਰੀਆਂ ਮਿਸਲਾਂ ਭਰਾ-ਮਾਰੂ ਯੁੱਧ ਵਿਚ ਲੱਗੀਆਂ ਹੋਈਆਂ ਸਨ।
ਸੰਨ 1794 ਵਿਚ ਜੱਸਾ ਸਿੰਘ ਰਾਮਗੜ੍ਹੀਆ ਜੀ ਵਲੋਂ ਤਿੰਨ ਮੰਜ਼ਲੀ ਰਾਮਗੜ੍ਹੀਆ ਬੁੰਗਾ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਬਣਵਾਇਆ ਗਿਆ ਤੇ ਆਲੇ-ਦੁਆਲੇ 156 ਫੁੱਟ ਦੋ ਮੀਨਾਰ ਵੀ ਬਣਵਾਏ ਗਏ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਵਲੋਂ ਆਪਣੇ ਜੀਵਨ ਕਾਲ ਦੌਰਾਨ ਕਰੀਬ 360 ਕਿਲ੍ਹੇ ਬਣਵਾਏ ਗਏ ਸਨ, ਜਿਨ੍ਹਾਂ ‘ਚੋਂ ਇਕ ਕਿਲ੍ਹਾ ਅੱਜ ਵੀ ਸਿੰਘਪੁਰ (ਹੁਸ਼ਿਆਰਪੁਰ) ਵਿਚ ਮੌਜੂਦ ਹੈ।
1799 ਵਿਚ ਸ਼ੁਕਰਚੱਕੀਆ ਮਿਸਲ ਦੇ ਸ: ਰਣਜੀਤ ਸਿੰਘ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਤੇ ਮਹਾਰਾਜਾ ਦਾ ਖਿਤਾਬ ਧਾਰਨ ਕੀਤਾ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਗ਼ੁਲਾਬ ਸਿੰਘ ਜੀ ਭੰਗੀ ਮਿਸਲ ਅਤੇ ਨਵਾਬ ਕਪੂਰ ਸਿੰਘ ਜੀ ਨਾਲ ਸਾਂਝਾ ਮੋਰਚਾ ਬਣਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨਾਲ 1800 ਵਿੱਚ ਭਸੀਨ ਦੇ ਸਥਾਨ ‘ਤੇ ਯੁੱਧ ਕੀਤਾ,ਪਰ ਅੰਤ ਵਿਚ ਹਾਰ ਗਏ।
ਆਖ਼ਰ ਇਹ ਯੋਧਾ ਜਰਨੈਲ *20 ਅਪ੍ਰੈਲ,1803 ਵਿੱਚ ਸ੍ਰੀ ਹਰਗੋਬਿੰਦਪੁਰ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।
ਮਹਾਨ ਸਿਖ ਯੋਧੇ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ।
ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।