Artical Éducation India International News National News Punjabi Social

1️⃣2️⃣ ਮਈ,1710 (2022) 29 ਵੈਸਾਖ,554 ਅਨੁਸਾਰ ਸਰਹਿੰਦ ਫਤਿਹ ਦਿਵਸ ਭਾਗ 2

1️⃣2️⃣ ਮਈ,1710 (2022)
29 ਵੈਸਾਖ,554 ਅਨੁਸਾਰ
ਸਰਹਿੰਦ ਫਤਿਹ ਦਿਵਸ
ਭਾਗ 2

ਚੱਪੜਚਿੜੀ ਦਾ ਯੁੱਧ ਤੋਂ ਅੱਗੇ ਦਾ ਇਤਿਹਾਸ:-

11 ਮਈ,1710 ਨੂੰ ਹੋਏ ਚਪੜ-ਚਿੜੀ ਦੇ ਯੁੱਧ ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤ ਹਾਸਲ ਕੀਤੀ ਤੇ

1️⃣2️⃣ ਮਈ,1710 ਨੂੰ ਅਜ ਸਰਹਿੰਦ ਫਤਿਹ ਕੀਤੀ।

ਮੁਗਲਾਂ ਤੇ ਜੁਲਮਾਂ ਦਾ ਨਾਸ਼ ਕਰਦਿਆ,ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸਹਾਦਤ ਲਈ ਦੋਸ਼ੀ ਸਰਹੰਦ ਦੇ ਹਾਕਮ ਵਜੀਰ ਖਾਨ ਦਾ ਸਿਰ ਨੇਜੇ ਤੇ ਟੰਗ ਕੇ,ਧੜ ਬਲਦਾਂ ਪਿਛੇ ਬੰਨ ਕੇ ਸਰਹਿੰਦ ਸ਼ਹਿਰ ਚ ਲਾਸ ਦਾ ਜਲੂਸ ਕਢਿਆ ਤੇ ਦਰਖਤ ਨਾਲ ਪੁਠੀ ਲਟਕਾਈ ਲਾਸ ਨੂੰ ਗਿਰਝਾਂ ਨੇ ਨੋਚ ਨੋਚ ਕੇ ਖਾਧਾ।

ਫਿਰ ਸਰਹਿੰਦ ਕਿਲੇ ਤੇ ਕਬਜਾ ਕੀਤਾ/ਫ਼ਤਹਿ ਹਾਸਲ ਕੀਤੀ।

ਸੁਚਾ ਨੰਦ(ਇਹ ਔਡ਼ ਦਾ ਰਹਿਣ ਵਾਲਾ ਸੀ) ਵੀ ਜਲੀਲ ਹੋ ਕੇ ਮਰਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਬਾਜ ਸਿੰਘ ਨੂੰ ਸਰਹਿੰਦ ਦਾ ਗਵਰਨਰ ਤੇ ਬਾਬਾ ਆਲੀ ਸਿੰਘ ਜੀ ਸਲੌਦੀ ਨੂੰ ਡਿਪਟੀ ਗਵਰਨਰ,ਸਮਾਣੇ ਦਾ ਗਵਰਨਰ ਸ. ਫਤਹਿ ਸਿੰਘ ਨੂੰ ਨਿਯੁਕਤ ਕੀਤਾ।

ਚਪੜਚਿੜੀ ਦੀ ਜੰਗ ਚ ਸ਼ਹੀਦ ਹੋਰ 6000 ਸਿਖਾਂ ਦਾ ਸੰਸਕਾਰ ਮਜੂਦਾ ਗੁਰਦਵਾਰਾ ਫਤਹਿਗੜ੍ਹ ਸਾਹਿਬ ਜੀ ਦੀ ਪ੍ਰਕਰਮਾ ਚ ਕੀਤਾ ਗਿਆ(ਇਥੇ ਹੁਣ ਗੁਰਦਵਾਰਾ ਸ਼ਹੀਦ ਗੰਜ ਸਾਹਿਬ ਹੈ)।

ਮਲੇਰਕੋਟਲੇ ਦੇ ਨਵਾਬ ਵਲੋਂ ਬਾਬਾ ਜੀ ਦਾ ਮੁਕਾਬਲਾ ਨਾ ਕਰਨ ਕਾਰਨ ਇਸ ਸ਼ਹਿਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ। ਬਾਬਾ ਜੀ ਨੇ ਬੀਬੀ ਅਨੂਪ ਕੌਰ ਜੀ ਦੀ ਲਾਸ਼ ਬਰਾਮਦ ਕਰਕੇ ਸਿੱਖ ਮਰਯਾਦਾ ਅਨੁਸਾਰ ਆਪਣੇ ਹੱਥੀਂ ਸਸਕਾਰ ਕੀਤਾ।

ਜਿਤ ਹਾਸਲ ਕਰਕੇ ਸਭ ਤੋਂ ਪਹਿਲਾ :

1.ਖਾਲਸਾ ਰਾਜ ਕਾਇਮ ਕਰਕੇ ਲੋਹਗੜ ਨੂੰ ਖਾਲਸਾ ਰਾਜ ਦੀ ਰਾਜਧਾਨੀ ਬਣਾਇਆ।
2.ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ,ਜਿਸ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਕਰੇ ਸਨ।
3.ਖਾਲਸਾ ਰਾਜ ਦਾ ਨਵਾਂ ਸੰਮਤ ਸੁਰੂ ਕੀਤਾ।
4.ਜਾਗੀਰਦਾਰੀ ਸਿਸਟਮ ਖਤਮ ਕੀਤਾ,ਨਸ਼ਾ ਬੰਦੀ ਲਾਗੂ ਕੀਤੀ।
5.ਜਾਤ-ਪਾਤ,ਨਸਲ ਤੇ ਧਰਮ ਦੇ ਬੰਧਨ ਖਤਮ ਕਰਕੇ ਧਰਮ ਨਿਰਪਖਤਾ ਕਾੲਿਮ ਕੀਤੀ।

ਬਾਬਾ ਬੰਦਾ ਸਿੰਘ ਜੀ ਨੇ 27 ਮਈ ,1710 ਨੂੰ ਲੋਕ ਰਾਜ ਦਾ ਐਲਾਨ ਕੀਤਾ:-

1.ਵਾਹੀ ਕਰਨ ਵਾਲੇ ਜਮੀਨਾ ਦੇ ਮਾਲਕ ਬਣਾ ਕੇ ਜਿਮੀਦਾਰੀ ਸਿਸਟਮ ਖਤਮ ਕੀਤਾ।
2. ਦਲਿਤ ਜਾਣੇ ਜਾਦੇ ਲੋਕਾਂ ਨੂੰ ਸਭ ਤੋਂ ਪਹਿਲੀ ਵਾਰ ਜਮੀਨਾਂ ਦੇ ਮਾਲਕ ਬਣਾਇਆ।
3.ਦੁਨੀਆਂ ਭਰ ਵਿਚ ਜਗੀਰਦਾਰੀ ਦਾ ਸਭ ਤੋ ਪਹਿਲਾ ਖਾਤਮਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤਾ।

ਸਰਹਿੰਦ ਦੀ ਬਜਾਏ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਅਗਲੀਆਂ ਮੁਹਿੰਮਾਂ ਦਾ ਕੇਂਦਰ ਬਣਾਇਆ।

👋👋ਬਾਬਾ ਜੀ ਹੁਣ ਇਕ ਬੇਤਾਜ਼ ਬਾਦਸ਼ਾਹ ਬਣ ਗਏ।ਸ਼ਰਧਾਲੂ ਸਿੰਘਾਂ ਦੀ ਫੌਜ ਵੀ ਹੋ ਗਈ,ਰਾਜ-ਕਾਜ ਲਈ ਰਾਜਧਾਨੀ ਵੀ ਤੇ ਰਹਿਣ ਲਈ ਮਹਿਲ ਵੀ। ਆਪ ਨੇ ਸਦੀਵੀ ਪੱਕੀ ਨਿਸ਼ਾਨੀ ਲਈ ਸ੍ਰੀ ਗੁਰੂ ਨਾਨਕ ਦੇਵ ਜੀ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕਰ ਦਿੱਤਾ।

ਮੁਗ਼ਲ ਬਾਦਸ਼ਾਹਾਂ ਰਾਜ-ਸੰਮਤ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਸਰਹਿੰਦ ਦੀ ਫ਼ਤਹਿ ਤੋਂ ਇਕ ਨਵਾਂ ਸੰਮਤ ਨਾਨਕਸ਼ਾਹੀ ਅਰੰਭ ਕੀਤਾ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਰਾਜ ਦੇ ਅੰਤ ਦੇ ਨਾਲ ਹੀ ਸਮਾਪਤ ਹੋ ਗਿਆ।

ਖਾਲਸੇ ਦੇ ਰਾਜ ਨੇਤਾ ਬਾਬਾ ਬੰਦਾ ਸਿੰਘ ਜੀ ਨੇ ਆਪਣੇ ਨਿੱਜੀ ਨਾਂ ‘ਤੇ ਕੁਝ ਨਹੀਂ ਕੀਤਾ। ਇਹੋ ਨਾਨਕਸ਼ਾਹੀ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਮੁੜ ਚਾਲੂ ਕਰਾਇਆ, ਜੋ ਹੁਣ ਪ੍ਰਚੱਲਤ ਹੈ)।

ਜੁਲਾਈ 1710 ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ।

ਅਕਤੂਬਰ 1710 ਤਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਕਿਲੇ ਵੀ ਸਿੱਖ ਫੌਜਾਂ ਦੇ ਕਬਜ਼ੇ ਵਿਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੋਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ।

ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਸਿੱਖਾਂ ਦੇ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ।ਮੁਗ਼ਲ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲੇ ਗਏ।ਇਸੇ ਦੌਰਾਨ ਪੰਥ-ਦੋਖੀ ਪਹਾੜੀ ਰਾਜੇ ਭੀਮ ਚੰਦ ਨੂੰ ਵੀ ਸਿੱਖਾਂ ਨੇ ਜਾ ਸੋਧਿਆ।

18 ਫਰਵਰੀ,1712 ਨੂੰ ਬਹਾਦਰ ਸ਼ਾਹ ਦੀ ਮੌਤ ਹੋ ਗਈ,ਫ਼ਰੁੱਖਸੀਅਰ ਦਿੱਲੀ ਦਾ ਕਮਜ਼ੋਰ ਬਾਦਸ਼ਾਹ ਬਣਿਆ, ਇਸ ਮੌਕੇ ਦਾ ਲਾਭ ਉਠਾ ਕੇ ਬਾਬਾ ਬੰਦਾ ਸਿੰਘ ਨੇ ਮੁੜ ਆਪਣੀ ਤਾਕਤ ਨੂੰ ਸੰਗਠਿਤ ਕੀਤਾ ਤੇ ਕਈ ਇਲਾਕਿਆਂ ‘ਤੇ ਕਬਜ਼ਾ ਕਰ ਲਿਆ।

1712 ਈ: ਨੂੰ ਸਰਹਿੰਦ ਤੇ ਲੋਹਗੜ੍ਹ ਫਿਰ ਜਿੱਤ ਲਏ। ਬਟਾਲਾ ਤੇ ਕਲਾਨੌਰ ਨੂੰ ਜਿੱਤਿਆ।

ਅੰਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿਚ ਬਾਬਾ ਬੰਦਾ ਸਿੰਘ ਤੇ ਕਈ ਹੋਰ ਸਿੰਘ ਮੁਗ਼ਲ ਫੌਜ ਦੇ ਘੇਰੇ ਵਿਚ ਆ ਗਏ। ਇਹ ਘੇਰਾ ਲੰਬਾ ਸਮਾਂ ਭਾਵ ਅੱਠ ਮਹੀਨੇ ਜਾਰੀ ਰਿਹਾ।

(11 ਮਈ,1715 ਨੂੰ 24000 ਮੁਗਲਾਂ ਨੇ ਗੁਰਦਾਸ ਨੰਗਲ ਗੜ੍ਹੀ ਤੇ ਹਮਲਾ ਕਰ ਕੇ ਅਨੇਕਾਂ ਸਿੱਖ ਸ਼ਹੀਦ ਕਰ ਦਿਤੇ ਸਨ)ਘੇਰਾ ਲੰਬਾ ਹੋਣ ਕਾਰਨ ਰਾਸ਼ਨ ਦੀ ਕਮੀ ਹੋਣ ਲੱਗੀ। ਸਿੱਖ ਭੁੱਖ ਤੇ ਪਿਆਸ ਨਾਲ ਸ਼ਹੀਦ ਹੋਣ ਲੱਗੇ।

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਹੀ ਨਹੀਂ, ਸਗੋਂ ਸੰਸਾਰ ਦੇ ਸਮੁੱਚੇ ਇਤਿਹਾਸ ਵਿਚ ਹੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਸ਼ਹੀਦੀ ਹੈ।

ਬੰਦਾ ਸਿੰਘ ਬਹਾਦਰ ਜੀ ਨੂੰ ਲੱਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ਵਿਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ।

5 ਤੋਂ 11ਮਾਰਚ,1716 ਤੱਕ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ,ਸਿੱਖ ਖਿੜੇ ਚਿਹਰੇ ਸ਼ਹੀਦ ਹੁੰਦੇ ਰਹੇ।

ਤਕਰੀਬਨ ਤਿੰਨ ਮਹੀਨੇ ਤਕ ਅੰਤਾਂ ਦਾ ਜਬਰ, ਜ਼ੁਲਮ,ਤਸ਼ੱਦਦ ਤੇ ਤਸੀਹੇ ਦੇਣ ਤੋਂ ਬਾਅਦ 9 ਜੂਨ, 1716 ਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਲ੍ਹੇ ਤੋਂ ਬਾਹਰ ਲਿਆਂਦਾ ਗਿਆ ਤੇ ਜਲੂਸ ਦੀ ਸ਼ਕਲ ਵਿਚ ਕੁਤਬ ਮੀਨਾਰ ਨੇੜੇ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ।

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ। ਉਸ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗਲ ਵਿਚ ਪਾਇਆ ਗਿਆ।

ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ਵਿਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ*।

ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ। ਉਨ੍ਹਾਂ ਸਿੱਖ ਸ਼ਹੀਦੀ ਵਿਰਾਸਤ ਉੱਤੇ ਪੂਰਾ ਪਹਿਰਾ ਦਿੱਤਾ।ਫੌਜੀ ਜਰਨੈਲ ਦੇ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਕੋਈ ਵੀ ਟਾਕਰਾ ਨਹੀਂ ਸੀ। ਮੈਗਰੇਗਰ ਲਿਖਦਾ ਹੈ,”ਬੰਦਾ ਸਿੰਘ ਬਹਾਦਰ ਜਰਨੈਲਾਂ ਵਿਚ ਉੱਚੀ ਥਾਂ ਰੱਖਦਾ ਹੈ ਉਸ ਦਾ ਨਾਮ ਪੰਜਾਬ ਤੇ ਪੰਜਾਬੋਂ ਬਾਹਰ ਮੁਗਲਾਂ ਵਿਚ ਦਹਿਸ਼ਤ ਫੈਲਾਉਣ ਲਈ ਕਾਫ਼ੀ ਸੀ।

” ਗੋਕਲ ਚੰਦ ਨਾਰੰਗ ਅਨੁਸਾਰ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅਜਿੱਤ ਹੋਣ ਦਾ ਭਰਮ ਤੋੜਿਆ ਤੇ ਬਾਬਾ ਬੰਦਾ ਸਿੰਘ ਨੇ ਮੁਗ਼ਲਾਂ ਨੂੰ ਪੰਜਾਬ ਦੀ ਧਰਤੀ ਤੇ ਮਾਰ ਮੁਕਾਇਆ।

ਬਾਬਾ ਜੀ ਨੇ ਵਾਹੀਕਾਰ ਕਿਸਾਨਾਂ ਨੂੰ ਜਮੀਨ ਦੇ ਮਾਲਕ ਬਣਾ ਦਿੱਤਾ।ਇਹ ਪ੍ਰਬੰਧ ਅੰਗਰੇਜ਼ਾਂ ਦੇ ਰਾਜ ਤਕ ਇਵੇਂ ਹੀ ਚੱਲਦਾ ਰਿਹਾ।ਦੂਜਿਆਂ ਦੀਆਂ ਜ਼ਮੀਨਾਂ ’ਤੇ ਕੰਮ ਕਰਨ ਵਾਲੇ ਬੇ-ਜ਼ਮੀਨੇ,ਮੁਜਾਰੇ ਤੇ ਕਿਸਾਨਾਂ ਨੂੰ ਜ਼ਿਮੀਂਦਾਰਾਂ ਤੇ ਸਿੱਖ ਸਰਦਾਰ ਬਣਾ ਦਿੱਤਾ ਸੀ।

ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ।
ਹਰ ਪ੍ਰਬੰਧਕ ਬਹੁਤ ਦੱਬੇ-ਕੁਚਲੇ ਲੋਕਾਂ ਵਿੱਚੋਂ ਹੀ ਹੁੰਦਾ ਸੀ।

ਪਹਿਲੀ ਵਾਰ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਨੇ ਆਜ਼ਾਦੀ ਦਾ ਅਨੰਦ ਮਾਣਿਆ।ਬਾਬਾ ਬੰਦਾ ਸਿੰਘ ਬਹਾਦਰ ਦੇ ਪਾਏ ਪੂਰਨਿਆਂ ਨੇ ਸਿੱਖ ਕੌਮ ਅੰਦਰ ਆਜ਼ਾਦੀ ਦੀ ਚਿਣਗ ਲਾ ਦਿੱਤੀ ਜੋ ਕਿ ਪਿੱਛੋਂ ਜਾ ਕੇ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਦਾ ਕਾਰਨ ਬਣੀ।

ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਕਰੀਬਨ 6 ਸਾਲ ਯਮਨਾ ਤੋਂ ਰਾਵੀ ਤਕ ਦੇ ਵਿਸ਼ਾਲ ਇਲਾਕੇ ਉੱਤੇ ਰਾਜ ਕੀਤਾ।1716 ਵਿਚ ਉਹ ਭਾਵੇਂ ਸ਼ਹੀਦ ਹੋ ਗਏ ਪਰ ਉਹ ਪੰਜਾਬ ਵਿਚ ਸਿੱਖ ਰਾਜ ਦੀ ਬੁਨਿਆਦ ਡੂੰਘੀ ਕਾਇਮ ਕਰ ਗਏ ਸਨ। 1717 ਤੋਂ ਬਾਅਦ ਕਈ ਦਹਾਕੇ ਸਿੰਘਾਂ ਨੂੰ ਖ਼ਤਮ ਕਰਨ ਲਈ ਮੁਗ਼ਲ ਸਰਕਾਰ ਵੱਲੋਂ ਬੇਹੱਦ ਜ਼ੁਲਮ ਕੀਤੇ ਜੋ ਸਿੱਖੀ ਦਾ ਕਾਲਾ ਦੌਰ(Black Period) ਮੰਨਿਆ ਜਾਂਦਾ ਹੈ ਪਰ ਉਨ੍ਹਾਂ ਨੇ ਸੰਘਰਸ਼ ਜਾਰੀ ਰੱਖਿਆ।

1748 ਵਿਚ ਸਿੰਘਾਂ ਦੇ 12 ਜਥੇ ਬਣੇ ਬਾਅਦ ਵਿਚ ਬਾਰ੍ਹਾਂ ਮਿਸਲਾਂ ਹੋਂਦ ਵਿਚ ਆਈਆ।ਇਸ ਬੁਨਿਆਦ ਉੱਤੇ ਹੀ 1799 ਨੂੰ ਲਾਹੌਰ ਫਤਹਿ ਕਰਨ ਉਪਰੰਤ 1801 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਇਕ ਵਿਸ਼ਾਲ ਸਿੱਖ ਹਲੀਮੀ ਰਾਜ ਕਾਇਮ ਕੀਤਾ।ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਸਨ।

ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਵਿਚ ਉਨ੍ਹਾਂ ਨਾ ਹੀ ਕਿਸੇ ਧਰਮ ਦੇ ਧਾਰਮਿਕ ਅਸਥਾਨ ਮੰਦਰ/ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਨਾ ਹੀ ਕਿਸੇ ਹਿੰਦੂ ਦਾ ਤਿਲਕ ਜਾਂ ਜੰਞੂ ਛੇੜਿਆ। ਸਗੋਂ ਇਹ ਚਿੰਨ੍ਹ ਮੁਕੰਮਲ ਰੂਪ ਵਿਚ ਸੁਰੱਖਿਅਤ ਰੱਖੇ ਗਏ।

ਦੇਸ਼ ਆਜ਼ਾਦ ਹੋਏ ਨੂੰ ਭਾਵੇਂ 6/7 ਦਹਾਕੇ ਬੀਤ ਚੁਕੇ ਹਨ ਪਰ ਅੱਜ ਵੀ ਲੋਕ ਜਬਰ, ਜ਼ੁਲਮ, ਧੱਕੇਸ਼ਾਹੀ, ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਕਾਰਨ ਦੁਖੀ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਖਾਲਸੇ ਨੇ ਲੰਮਾ ਸੰਘਰਸ਼ ਕਰ ਕੇ ਤੇ ਸ਼ਹੀਦੀਆਂ ਦੇ ਕੇ ਮੁਗ਼ਲ ਰਾਜ ਦਾ ਖ਼ਾਤਮਾ ਕਰ ਦਿੱਤਾ ਸੀ, ਪਰੰਤੂ ਮੁਗ਼ਲਾਂ ਦੀ ਰੂਹ ਅਜੇ ਵੀ ਸਾਡੇ ਰਾਸ਼ਟਰੀ ਹੁਕਮਰਾਨਾਂ/ਪੂੰਜੀਪਤੀਆਂ ਚ ਮੌਜੂਦ ਹੈ। ਜਿਸ ਕਰਕੇ ਲੋਕਾਂ ਦਾ ਜੀਵਨ ਨਰਕ ਬਣ ਰਿਹਾ ਹੈ। ਅੱਜ ਭਾਰਤ ਅੰਦਰ 50 ਕਰੋੜ ਤੋਂ ਵੱਧ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ।ਬਹੁਤੇ ਤਾਂ ਆਪਣੀਆਂ ਰਾਤਾਂ ਸੜਕਾਂ ਦੇ ਫੁਟਪਾਥਾਂ ਤੇ ਗੁਜ਼ਾਰਨ ਲਈ ਮਜਬੂਰ ਹਨ। ਸੂਬੇ ਅਧਿਕਾਰ ਰਹਿਤ ਹਨ। ਛੋਟੀਆਂ-ਛੋਟੀਆਂ ਗੱਲਾਂ ਲਈ ਕੇਂਦਰ ਅੱਗੇ ਨਮੋਸ਼ੀ ਨਾਲ ਹੱਥ ਅੱਡਣੇ ਪੈਂਦੇ ਹਨ।ਰਾਜਨੀਤਿਕ ਸ਼ਕਤੀ ਦਾ ਮੁਕੰਮਲ ਕੇਂਦਰੀਕਰਨ ਕਰ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਕਾਬਜ਼ ਹੈ। ਕੇਂਦਰ ਸਰਕਾਰ ਪਾਸ ਹੀ ਏਕਾਧਿਕਾਰ ਹੈ। ਮੁਲਕ ਦੀ ਸਾਰੀ ਯੋਜਨਾਕਾਰੀ ਹੀ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਸ ਨਾਲ ਅਮੀਰ ਹੋਰ ਅਮੀਰ ਹੋਵੇ ਅਤੇ ਗਰੀਬ ਹੋਰ ਗਰੀਬ ਤੇ ਗ਼ੁਲਾਮ ਹੀ ਬਣਿਆ ਰਹੇ। ਦੇਸ਼ ਦੀ ਸਿੱਖਿਆ ਨੀਤੀ ਵੀ ਅਜਿਹੀ ਹੀ ਹੈ ਕਿ ਗਰੀਬਾਂ ਦੇ ਬੱਚੇ ਅੱਧ-ਪੜ੍ਹੇ ਜਾਂ ਅਨਪੜ੍ਹ ਹੀ ਹਨ।ਦਿਤੀ ਜਾਂਦੀ ਸਿੱਖਿਆ ਵੀ ਮਿਆਰੀ ਨਹੀਂ ਹੈ। ਆਜ਼ਾਦੀ ਤੋਂ ਬਾਅਦ ਲੰਮਾਂ ਸਮਾਂ ਦੇਸ਼ ਰੂਸ ਦੀ ਅਨਐਲਾਨੀ ਗ਼ੁਲਾਮੀ ਹੇਠ ਵਿਚਰਦਾ ਰਿਹਾ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਦੀ ਗ਼ੁਲਾਮੀ ਦੇ ਜੂਲੇ ਥੱਲੇ ਧੱਕਿਆ ਜਾ ਰਿਹਾ ਹੈ। ਦੇਸ਼ ਨੂੰ ਆਰਥਿਕ ਖੁਸ਼ਹਾਲੀ ਅਤੇ ਸਮਾਜਿਕ ਬਰਾਬਰੀ ਲਿਆਉਣ ਲਈ ਦੇਰ ਸਵੇਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਅਪਨਾਉਣਾ ਪਵੇਗਾ। ਅਜੋਕੇ ਰਾਜ ਪ੍ਰਬੰਧ ਹੇਠ ਲੋਕ ਬੇਰੁਜ਼ਗਾਰੀ, ਨਸ਼ਿਆਂ ਦਾ ਸੇਵਨ, ਕਰਜ਼ਿਆਂ ਦਾ ਭਾਰ,ਖ਼ੁਦਕਸ਼ੀਆਂ ਅਤੇ ਲੱਚਰਪੁਣੇ ਵਿਚ ਘਿਰ ਕੇ ਆਪਣਾ ਜੀਵਨ ਨਸ਼ਟ ਕਰ ਰਹੇ ਹਨ।

ਅੱਜ ਫਿਰ ਲੋੜ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸ਼ਕਤੀਸ਼ਾਲੀ ਤੇ ਨਿਸ਼ਕਾਮ ਆਗੂ ਦੀ ਜੋ ਖਾਲਸਾ ਮਿਸ਼ਨ ਅਨੁਸਾਰ ਸਮਾਜਿਕ ਬਰਾਬਰੀ, ਆਰਥਿਕ ਖੁਸ਼ਹਾਲੀ ਤੇ ਲੋਕ ਰਾਜੀ ਕਦਰਾਂ-ਕੀਮਤਾਂ ਨੂੰ ਬਹਾਲ ਕਰ ਸਕੇ।

ਸਰਹਿੰਦ ਫਤਿਹ ਦਿਵਸ ਦੀਆਂ ਵਧਾਈਆਂ ਜੀ।

Related posts

“ਤੁਸੀਂ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਮਾਰੀਆ ਅਸੀਂ “-ਡਾ ਗੰਡਾ ਸਿੰਘ

INP1012

ਜਨਮ ਦਿਵਸ ਭਗਤ ਧੰਨਾ ਜੀ

INP1012

ਹਰਭਜਨ ਸਿੰਘ ਵੱਲੋਂ ਰਾਜ ਸਭਾ ਮੈਂਬਰ ਵਜੋਂ ਮਿਲਦੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਲਈ ਦੇਣ ਦਾ ਫੈਸਲਾ

INP1012

Leave a Comment