Artical Éducation India International News National News Punjab

ਸ਼੍ਰੀ ਭਗਤ ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼ ਅਵਤਾਰ ਸਿੰਘ ਮਿਸ਼ਨਰੀ (5104325827)

ਬਾਬਾ ਰਵਿਦਾਸ ਜੀ ਦੇ ਸਰਬ ਸਾਂਝੇ ਉਪਦੇਸ਼ਅਵਤਾਰ ਸਿੰਘ ਮਿਸ਼ਨਰੀ (5104325827)

ਭਗਤ ਬਾਬਾ ਰਵਿਦਾਸ ਜੀ ਨੇ ਪ੍ਰਭੂ ਸਿਮਰਨ ਤੇ ਹੀ ਜੋਰ ਦਿੱਤਾ। ਸਿਮਰਨ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ। ਗ੍ਰਿਹਸਤ ਮਾਰਗ ‘ਚ ਰਹਿੰਦਿਆਂ ਕਿਰਤ ਕਮਾਈ ਕਰਨੀ, ਵੰਡ ਛੱਕਣਾ ਤੇ ਪ੍ਰਭੂ ਦੀ ਯਾਦ ਹੀ ਅਸਲ ਭਗਤੀ ਹੈ। ਉਹ ਸਾਡੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ-ਕਹੁ ਰਵਿਦਾਸ ਹਾਥ ਪੈ ਨੇਰੈ॥ (੬੫੮) ਜਿਵੇਂ ਸੋਨੇ ਅਤੇ ਸੋਨੇ ਦੇ ਬਣੇ ਗਹਿਣੇ ਵਿੱਚ ਅੰਤਰ ਨਹੀਂ ਇਵੇਂ ਹੀ ਆਤਮਾਂ ਤੇ ਪ੍ਰਮਾਤਮਾਂ ਦਾ ਅਸਲਾ ਵੀ ਇੱਕ ਹੈ। ਜਿਵੇਂ ਗਹਿਣੇ ਸੋਨੇ ਦੀ ਸਜਾਵਟ ਨੇ ਇਵੇਂ ਹੀ ਭਗਤ ਭਗਵਾਨ ਦੀ ਸੁੰਦਰਤਾ ਹਨ। ਜਿਵੇਂ ਪਾਣੀ ਤੋਂ ਪੈਦਾ ਹੋਇਆ ਬੁਲਬੁਲਾ ਤੇ ਪਾਣੀ ਇੱਕ ਹੀ ਨੇ ਫਰਕ ਕੇਵਲ ਵੱਖਰੀ ਬਣਤਰ ਦਾ ਹੈ-ਤੋਹੀ ਮੋਹੀ, ਮੋਹੀ ਤੋਹੀ ਅੰਤਰੁ ਕੈਸਾ॥ ਕਨਕ ਕਟਿਕ ਜਲ ਤਰੰਗ ਜੈਸਾ॥ (੯੩) ਮਨੁੱਖਾ ਜਨਮ ਦੁਰਲੱਭ ਜਨਮ ਹੈ-ਦੁਲਭੁ ਜਨਮ ਪੁੰਨ ਫਲ ਪਾਇਓ॥(੬੫੮) ਸਭ ਮਨੁੱਖ ਬਰਾਬਰ ਹਨ, ਕੋਈ ਜਾਤ-ਪਾਤ ਕਰਕੇ ਉੱਚਾ ਨੀਵਾਂ ਨਹੀਂ ਸਗੋਂ ਕਰਮਾਂ ਕਰਕੇ ਹੈ। ਗੋਬਿੰਦ ਹੀ ਨੀਵਿਆਂ ਨੂੰ ਉੱਚਾ ਕਰਨ ਵਾਲਾ ਹੈ-ਨੀਚਹ ਊਚ ਕਰੈ ਮੇਰਾ ਗੋਬਿੰਦੁ” (੧੧੦੬) ਸੁੱਚ-ਭਿੱਟ ਛੂਆ-ਛਾਤ ਵਿੱਚ ਵਿਸ਼ਵਾਸ ਨਹੀਂ ਰੱਖਣਾ ਕਿਉਂਕਿ ਇਹ ਚਲਾਕ ਬ੍ਰਾਹਮਣ ਦੀ ਪੈਦਾ ਕੀਤੀ ਹੋਈ ਹੈ। ਪ੍ਰਭੂ ਭਗਤ ਨੇ ਸਫਾਈ ਰੱਖਣੀ ਹੈ ਨਾ ਕਿ ਸੁੱਚ ਭਿੱਟ ਪਰ ਅੱਜ ਕੱਲ੍ਹ ਕਈ ਗੁਰਦੁਆਰਿਆਂ ਵਿੱਚ ਵੀ ਸੁੱਚ ਭਿੱਟ ਦੇਖੀ ਜਾ ਸਕਦੀ ਹੈ। ਧੂਪਾਂ ਦੀਪਾਂ ਜੋਤਾਂ ਨਾਲ ਪ੍ਰਭੂ ਦੀ ਆਰਤੀ ਨਹੀਂ ਕੀਤੀ ਜਾ ਸਕਦੀ ਪਰ ਪ੍ਰਭੂ ਦਾ ਨਾਮ ਹੀ ਸੱਚੀ ਆਰਤੀ ਹੈ-ਨਾਮ ਤੇਰੋ ਆਰਤੀ॥ (੬੯੪) ਵਹਿਮਾਂ ਭਰਮਾਂ, ਜੁੱਗਾਂ ਤੇ ਥਿਤਾਂ ਵਾਰਾਂ ਦੀ ਪੂਜਾ ਬ੍ਰਾਹਮਣੀ ਕਰਮ ਹਨ। ਭਗਤ ਲਈ ਪੂਜਾ ਕੇਵਲ ਸੁੱਚੀ ਕਿਰਤ ਤੇ ਨਾਮ ਹੀ ਹੈ-ਕਲਿ ਕੇਵਲ ਨਾਮ ਅਧਾਰ (ਗੁਰੂ ਗ੍ਰੰਥ) ਪਸ਼ੂ ਪੰਛੀਆਂ ਵਿੱਚ ਇੱਕ-ਇੱਕ ਦੋਖ ਪਰ ਇਸਤਰੀ ਪੁਰਸ਼ ਵਿੱਚ ਪੰਜ ਇੱਕਠੇ ਹਨ-ਮ੍ਰਿਗ ਮੀਨ ਭ੍ਰਿੰਗ ਕੁੰਚਰ ਏਕੁ ਦੋਖ ਬਿਨਾਸ॥ ਪਾਂਚ ਦੋਖ ਅਸਾਧ ਜਾ ਮਹਿ ਤਾਂ ਕੀ ਕੇਤਕ ਆਸ (੪੮੬) ਜਿਵੇਂ ਚੰਦਨ ਦੇ ਨਿਕਟ ਵੱਸਣ ਵਾਲੇ ਹਰਿੰਡ ਚੋਂ ਵੀ ਖੁਸ਼ਬੂ ਅਉਣ ਲੱਗ ਜਾਂਦੀ ਤਿਵੇਂ ਗੁਣਹੀਣ ਮਨੁੱਖ ਵੀ ਗੁਣੀ ਪ੍ਰਭੂ ਦੇ ਗੁਣਾਂ ਦੀ ਖੁਸ਼ਬੋ ਨਾਲ ਭਰ ਜਾਂਦੇ ਹਨ-ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ॥ (੪੮੬) ਸਭ ਵਸਤੂਆਂ ਜੂਠੀਆਂ ਹੋ ਸਕਦੀਆਂ ਨੇ ਪਰ ਪ੍ਰਭੂ ਦਾ ਨਾਮ ਸਦਾ ਸੁੱਚਾ ਰਹਿੰਦੈ ਜਿਵੇਂ ਦੁੱਧ ਵੱਛੇ ਨੇ ਥਣ ਚੁੰਘਣ, ਫੁੱਲ਼ ਭਵਰੇ ਬਾਸ ਲੈਣ ਅਤੇ ਪਾਣੀ ਮੱਛੀ ਦੇ ਰਹਿਣ ਨਾਲ ਝੂਠੇ ਹੋ ਜਾਂਦੇ ਹਨ-ਦੂਧੁ ਤ ਭਛਰੈ ਥਨਹੁ ਬਿਟਾਰਿਓ॥ਫੂਲ ਭਵਰ ਜਲ ਮੀਨ ਬਿਗਾਰਿਓ॥ (੫੨੫) ਬ੍ਰਾਹਮਣ ਭਾਵੇਂ ਖਟ ਕਰਮ ਕਰੇ ਤਾਂ ਵੀ ਉਹ ਨੀਚ ਹੈ ਜੇ ਉਸ ਦੇ ਹਿਰਦੇ ‘ਚ ਦੂਜਿਆਂ ਪ੍ਰਤੀ ਪਿਆਰ ਨਹੀਂ-ਖਟੁ ਕਰਮ ਕੁਲ ਸੰਜੁਗਤੁ ਹੈ ਹਰਿ ਭਗਤਿ ਹਿਰਦੇ ਨਾਹਿ (੧੧੨੪) ਜੇ ਕਹੇ ਜਾਂਦੇ ਪਾਪੀ ਅਜਾਮਲ ਤੇ ਪਾਪਣ ਪਿੰਗਲਾ ਵਰਗੇ ਚੰਗੀ ਸੰਗਤ ਕਰ, ਨਾਮ ਜਪ ਕੇ ਤਰ ਗਏ ਫਿਰ ਚਮਾਰ ਆਦਿਕ ਕਹੀ ਜਾਂਦੀ ਨੀਵੀਂ ਜਾਤ ਦਾ ਰਵਿਦਾਸ ਕਿਉ ਨਹੀਂ ਤਰੇਗਾ?-ਅਜਾਮਲ ਪਿੰਗੁਲਾ ਲੁਭਿਤ ਕੁੰਚਰ ਗਏ ਹਰਿ ਕੈ ਪਾਸ॥ ਐਸੇ ਦੁਰਮਤਿ ਨਿਸਤਰੈ ਤੂ ਕਿਉਂ ਨ ਤਰਹਿ ਰਵਿਦਾਸ॥(੧੧੨੪) ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦੀ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ-ਜਿਨ ਕੇ ਅੰਤਰਿ ਦਰਦ ਨ ਪਾਈ॥ ਸੋ ਕਤ ਜਾਨੈ ਪੀਰ ਪਰਾਈ(੭੯੩) ਚੰਮ ਤੋਂ ਬਣਿਆਂ ਹੋਣ ਕਰਕੇ ਸਾਰਾ ਸੰਸਾਰ ਹੀ ਚਮਾਰ ਹੈ ਫਿਰ ਵਖਰੇਵਾਂ ਕਾਹਦਾ? ਕਿਉਂਕਿ ਬ੍ਰਾਹਮਣ ਦਾ ਸਰੀਰ ਵੀ ਚੰਮ ਦਾ ਹੀ ਹੈ ਸੋਨੇ ਦਾ ਨਹੀਂ। ਮੋਹ ਮਾਇਆ ਜਾਲ ਤੋਂ ਬਚਣਾ ਹੈ-ਜਿਉਂ ਕਮਲ ਰਹਹਿ ਵਿੱਚ ਪਾਣੀ ਹੇ (ਸ਼ਬਦ ਗੁਰੂ) ਮੋਹ ‘ਚ ਫਸਿਆ ਜੀਵ ਸਰੀਰ ਰੂਪੀ ਜੁੱਤੀ ਦੀ ਹੀ ਗੰਢ-ਤੁੱਪ ਕਰਦਾ ਕਰਾਉਂਦਾ ਰਹਿੰਦਾ ਹੈ-ਲੋਗੁ ਗਠਾਵੈ ਪਨਹੀ (੬੫੯) ਪਨਹੀ (ਜੁੱਤੀ)ਇਹ ਸੰਸਾਰ ਬਿਨਸਨਹਾਰ ਹੈ-ਜੋ ਦਿਨ ਆਵਹਿ ਸੋ ਦਿਨ ਜਾਹੀ॥ ਕਰਨਾ ਕੂਚ ਰਹਿਣ ਥਿਰ ਨਾਹੀ॥ (੭੯੩) ਪਤੀ ਦੀ ਸਾਰ ਸੁਹਾਗਣ (ਗੁਰੂ ਗਿਆਨ ਵਾਲੀ ਜੀਵ ਇਸਤਰੀ) ਹੀ ਪ੍ਰਮਾਤਮਾਂ ਪਤੀ ਨੂੰ ਜਾਣ-ਪਹਿਚਾਣ ਸਕਦੀ ਹੈ-ਸਹ ਕੀ ਸਾਰ ਸੁਹਾਗਨਿ ਜਾਣੈ॥ (੭੯੩) ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨੈ ਪਰ ਜਦ ਗਿਆਨ ਹੋ ਜਾਵੇ ਤਾਂ ਤੋਤਾ ਰਟਨੀ ਛੱਡਣੀ ਚਾਹੀਦੀ ਹੈ ਜਿਵੇਂ ਅਸੀਂ ਪਹਿਲੀ ਜਮਾਤ ਦੇ ਕੈਦੇ ਕਿਤਾਬਾਂ ਤੋਂ ਉੱਪਰ ਉੱਠਦੇ ਜਾਂਦੇ ਹਾਂ ਇਵੇਂ ਹੀ ਕਰਮ ਜਾਲ ਤੋਂ ਉਪਰ ਉੱਠਣਾ ਹੈ-ਗਿਆਨੈ ਕਾਰਨ ਕਰਮ ਅਭਿਆਸੁ॥ ਗਿਆਨੁ ਭਇਆ ਤਹ ਕਰਮਹ ਨਾਸੁ॥ (੧੧੬੭) ਨਸ਼ਿਆਂ ਦਾ ਤਿਆਗ ਕਰਨੈ ਸ਼ਰਾਬ ਭਾਵੇਂ ਪਵਿੱਤਰ ਕਹਿ ਜਾਂਦੇ ਗੰਗਾ ਆਦਿਕ ਦੇ ਜਲ ਤੋਂ ਵੀ ਤਿਆਰ ਕੀਤੀ ਗਈ ਹੋਵੇ ਪਾਨ ਨਹੀਂ ਕਰਨੀ-ਸੁਰਸਰੀ ਸਲਨ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀਂ ਪਾਨੰ॥ (੧੨੯੩) ਸੁਰਸਰੀ-ਗੰਗਾ, ਬਾਰੁਨੀ-ਸ਼ਰਾਬ, ਪਾਨੰ-ਪੀਣਾ। ਜੇ ਨੀਚ ਜਾਤ ਜੀਵ ਪ੍ਰਭੂ ਦੀ ਸ਼ਰਣ ਆ ਜਾਵੇ ਤਾਂ ਉੱਚ ਜਾਤੀਏ ਵੀ ਡੰਡਾਉਤਾਂ ਕਰਦੇ ਹਨ-ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਾਉਤਿ, ਤੇਰੇ ਨਾਮ ਸਰਨਾਇ ਰਵਿਦਾਸ ਦਾਸਾ॥ (੧੨੯੩) ਭਗਤ ਹਿਰਦੇ ਰੂਪੀ ਦੀਵੇ ਵਿੱਚ ਨਾਮ ਦੀ ਜੋਤਿ ਜਗਾਉਂਦੇ ਨੇ ਨਾ ਕਿ ਕਿਸੇ ਘਿਉ ਤੇ ਰੂੰ ਦੀ-ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ (੬੯੩) ਵਹਿਮ, ਭਰਮ, ਸਵਰਗ ਤੇ ਨਰਕ ਦੇ ਡਰਾਵੇ ਫਜ਼ੂਲ ਹਨ-ਮਾਧਵੇ ਕਿਆ ਕਹੀਐ ਭ੍ਰਮ ਐਸਾ॥ਜੈਸਾ ਮਾਨੀਐ ਹੋਇ ਨਾ ਤੈਸਾ॥ (੬੫੭) ਐਸਾ ਰਾਜ ਹੋਵੇ ਜਿੱਥੇ ਕੋਈ ਚਿੰਤਾ ਫਿਕਰ ਗਮ ਖੌਫ ਆਦਿਕ ਨਾ ਹੋਵੇ। ਸਭ ਦੇ ਹੱਕ ਬਾਰਬਰ ਹੋਣ, ਕਿਸੇ ਬੇ ਕਸੂਰ ਨੂੰ ਤੰਗ ਨਾ ਕੀਤਾ ਜਾਵੇ।ਜਿਥੇ ਸਭ ਦੀ ਖੈਰ ਮੰਗੀ ਜਾਵੇ, ਜਿਥੇ ਕੋਈ ਗੁਲਾਮ ਨਾਂ ਹੋਵੇ, ਜਿੱਥੇ ਹਰੇਕ ਅਜ਼ਾਦੀ ਦਾ ਨਿੱਘ ਮਾਣ ਸਕੇ, ਜਿੱਥੇ ਹਰ ਸ਼ਹਿਰੀ ਨਾਲ ਮਿਤਰਤਾਭਾਵ ਵਾਲਾ ਸਲੂਕ ਕੀਤਾ ਜਾਵੇ, ਜਿੱਥੇ ਸਭ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਹੋਵੇ ਅਤੇ ਸਭ ਨੂੰ ਕੰਮ ਭਾਵ ਰੁਜਗਾਰ ਮਿਲੇ। ਜਿੱਥੇ ਕਿਸੇ ਨਾਲ ਵਿਤਕਰਾ ਆਦਿਕ ਨਾਂ ਕੀਤਾ ਜਾਵੇ-ਬੇਗਮਪੁਰਾ ਸਹਰ ਕੋ ਨਾਉ॥ ਧੂਖੁ ਅੰਦੋਹ ਨਹੀ ਤਿਹਿ ਠਾਉ॥..ਊਹਾ ਖੈਰਿ ਸਦਾ ਮੇਰੇ ਭਾਈ॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਿਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ॥ (੩੪੫) ਹਰੀ ਰੂਪੀ ਹੀਰੇ ਨੂੰ ਛੱਡ ਕੇ ਰੋੜਾਂ ਤੇ ਆਸ ਲਾ ਲੈਣੀ ਭਾਵ ਸ਼ਬਦ ਗੁਰੂ ਪ੍ਰਮੇਸ਼ਰ ਨੂੰ ਛੱਡ ਕੇ ਹੰਕਾਰੀ-ਵਿਕਾਰੀ-ਮਕਾਰੀ ਸਾਧਾਂ ਰੂਪੀ ਠੱਗਾਂ ਦੇ ਮੱਗਰ ਲੱਗੇ ਫਿਰਨਾ ਹੀ ਦੋਜ਼ਕ ਦੀ ਅੱਗ ‘ਚ ਸੜਨਾਂ ਹੈ-ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸੁ॥ ਤੇ ਨਰ ਦੋਜ਼ਕ ਜਾਹਿਗੇ ਸਤੁ ਭਾਖੈ ਰਵਿਦਾਸ॥ (੧੩੭੭) ਚਮਾਰ ਹੋਣਾ ਕੁਦਰਤੀ ਹੈ ਕਿਉਂਕਿ ਹਰੇਕ ਇਨਸਾਨ ਦਾ ਜਿਸਮ ਚੰਮ ਦਾ ਹੀ ਹੈ ਸੋਨੇ ਦਾ ਨਹੀਂ। ਚਮਾਰਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਨ ਵਾਲੇ ਹੰਕਾਰੀਆਂ ਨੂੰ ਮੋੜਵਾਂ, ਸਚਾਈ ਅਤੇ ਗਹਿਰਾਈ ਭਰਿਆ ਜਵਾਬ ਦੇ ਕੇ ਆਪ ਜੀ ਇਨ੍ਹਾਂ ਲੋਕਾਂ ਦੀ ਖੂਬ ਖੁੰਬ ਠੱਪਦੇ ਹਨ-ਚਮਰਟਾ ਗਾਂਠਿ ਨ ਜਨਈ॥ ਲੋਗੁ ਗਠਾਵੈ ਪਨਹੀ॥੧॥ਰਹਾਉ॥ ਆਰ ਨਹੀ ਜਿਹ ਤੋਪਉ॥ ਨਹੀ ਰਾਂਬੀ ਠਾਉਂ ਰੋਪਉ॥੧॥ ਲੋਗੁ ਗੰਠਿ ਗੰਠਿ ਖਰਾ ਬਿਗੂਚਾ॥ ਹਉਂ ਬਿਨ ਗਾਂਠੇ ਜਾਇ ਪਹੂਚਾ॥ ਰਵਿਦਾਸ ਜਪੈ ਰਾਮ ਨਾਮਾ॥ ਮੋਹਿ ਜਮ ਸਿਉਂ ਨਾਹੀ ਕਾਮਾ॥੩॥੭॥ (੬੫੯) ਲੋਕ ਆਪ ਤਾਂ ਸਰੀਰ ਰੂਪੀ ਜੁੱਤੀ ਹੀ ਬਾਰ ਬਾਰ ਗੰਢਾਈ ਜਾ ਰਹੇ ਹਨ ਭਾਵ ਮੋਹ ਮਾਇਆ ਗ੍ਰਸੇ ਲੋਕ ਸਰੀਰ ਨੂੰ ਸਦਾ ਚੰਗੀਆਂ ਖੁਰਾਕਾਂ, ਪੁਸ਼ਾਕਾਂ ਅਤੇ ਦਵਾਈਆਂ ਦੇ ਗਾਂਢੇ-ਤੋਪੇ ਲਵਾਉਂਦੇ ਰਹਿੰਦੇ ਸਾਰੇ ਮੋਹ ਮਾਇਆ ਗ੍ਰਸੇ ਹੀ ਚਮਾਰ ਹਨ ਫਿਰ ਵੀ ਇਹ ਅਗਿਆਨੀ ਤੇ ਹੰਕਾਰੀ ਮੈਨੂੰ ਚਮਾਰ-ਚਮਾਰ ਕਹਿ ਕੇ ਕਿਉਂ ਨਫਰਤ ਕਰਦੇ ਹਨ?

ਐਸੇ ਕ੍ਰਾਂਤੀਕਾਰੀ-ਕਲਿਆਣਕਾਰੀ ਅਗਾਂਹਵਧੂ ਵਿਚਾਰਾਂ ਵਾਲੇ ਭਗਤ ਬਾਬਾ ਰਵਿਦਾਸ ਜੀ ਦੇ ਗਿਆਨ ਭਰਪੂਰ ਕ੍ਰਾਂਤੀਕਾਰੀ ਵਿਚਾਰਾਂ ਦਾ ਡੰਕਾ ਹਰ ਪਾਸੇ ਵਜਿਆ ਹੋਇਆ ਸੀ ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਬੁਲੰਦ ਬਾਂਗ ਆਪਣੀਆਂ ਵਾਰਾਂ ‘ਚ ਕੀਤਾ ਹੈ-ਭਗਤ ਭਗਤ ਕਰਿ ਵਜਿਆ ਚਹੁੰ ਜੁੱਗਾਂ ਵਿਚਿ ਚਮਰੇਟਾ (ਭਾ.ਗੁ) ਗੁਰੂ ਅਰਜਨ ਸਾਹਿਬ ਜੀ ਵੀ ਭਗਤ ਰਵਿਦਾਸ ਜੀ ਦੀ ਭਗਤੀ ਦੀ ਸਿਖਰ ਅਤੇ ਪ੍ਰਸਿੱਧੀ ਦਾ ਜਿਕਰ ਕਰਦੇ ਫੁਰਮਾਂਦੇ ਹਨ-ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟ ਹੋਆ ਸਾਧ ਸੰਗਿ ਹਰਿ ਦਰਸਨ ਪਾਇਆ॥ (੪੮੭) ਐਸੇ ਗਿਆਨ ਵਿਗਿਆਨ, ਪਰਉਪਕਾਰ, ਸੇਵਾ ਸਿਮਰਨ, ਨਿਰਭੈਤਾ ਅਤੇ ਅਜ਼ਾਦ ਵਿਚਾਰਾਂ ਵਾਲੀ ਪ੍ਰਤਿਮਾਂ ਦੇ ਰੂਪ ਸਨ ਭਗਤ ਲੜੀ ਦੇ ਅਨਮੋਲ ਹੀਰੇ ਭਗਤ ਗੁਰੂ ਰਵਿਦਾਸ ਜੀ! ਜੇ ਆਪਾਂ ਬ੍ਰਾਹਮਣਵਾਦ ਤੋਂ ਬਚਣਾ ਚਾਹੁੰਦੇ ਹਾਂ ਤਾਂ ਗੁਰੂਆਂ-ਭਗਤਾਂ ਦੀ ਵਿਚਾਰਧਾਰਾ ਦੇ ਸਮੁੰਦਰ “ਸ਼ਬਦ ਗੁਰੂ ਗ੍ਰੰਥ ਸਾਹਿਬ” ‘ਚ ਅੰਕਿਤ ਬਾਣੀ ਨੂੰ ਹੀ ਅਪਣਾ ਕੇ ਪ੍ਰਚਾਰ ਕਰੀਏ ਤੇ ਕਿਸੇ ਜਾਤ-ਪਾਤ ਜਾਂ ਪਾਰਟੀ ਅਤੇ ਲੀਡਰ ਦੇ ਵਖਰੇਵੇਂ ਵਾਲੇ ਭਰਮ ‘ਚ ਨਾਂ ਪਈਏ ਕਿਉਂਕਿ ਅਸੀਂ ਸਭ ਬਰਾਬਰ ਇਨਸਾਨ ਹਾਂ।

Related posts

2️⃣4️⃣ ਅਪ੍ਰੈਲ,1955 ਸੰਨ 1955 ਓਸ ਵੇਲੇ ਦੇ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਮੰਗ ਲਈ ਅੱਜ ਦੇ ਦਿਨ 24 ਅਪ੍ਰੈਲ ਤੋਂ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

INP1012

1️⃣2️⃣ ਮਈ,1712 ਜਨਮ ਬਾਲ ਸ਼ਹੀਦ ਬਾਬਾ ਅਜੈ ਸਿੰਘ ਜ਼ੀ ਸਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਜ਼ੀ ਮਾਤਾ ਬੀਬੀ ਸੁਸ਼ੀਲ ਕੌਰ ਜੀ

INP1012

ਨਿੱਤ ਅਰਦਾਸਾਂ ਕਰਕੇ ਆਪਣੇ ਲਈ ਸ਼ਹੀਦੀ ਦੀ ਦਾਤ ਮੰਗਣ ਵਾਲਾ ਬੱਬਰ ਯੋਧਾ – 1984 ਘੱਲੂਘਾਰੇ ਦਾ ਪਹਿਲਾ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ

INP1012

Leave a Comment