Artical Éducation India International News National News Punjab

2️⃣0️⃣ ਮਈ,1704 ਸੰਨ 1704 ਵਿਚ ਸ੍ਰੀ ਅਨੰਦਪੁਰ ਸਾਹਿਬ ‘ਤੇ ਗੁਆਂਢੀ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਬਿਨਾਂ ਭੜਕਾਹਟ ਦੇ 20 ਮਈ ਨੂੰ ਹਮਲਾ ਕੀਤਾ ਸੀ।

2️⃣0️⃣ ਮਈ,1704

ਸੰਨ 1704 ਵਿਚ ਸ੍ਰੀ ਅਨੰਦਪੁਰ ਸਾਹਿਬ ‘ਤੇ ਗੁਆਂਢੀ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਬਿਨਾਂ ਭੜਕਾਹਟ ਦੇ 20 ਮਈ ਨੂੰ ਹਮਲਾ ਕੀਤਾ ਸੀ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਯੁੱਧਾਂ ਚ ਹੇਠ ਲਿਖੇ ਤਿੰਨ ਪ੍ਰਸ਼ਨਾਂ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਜਾਵੇ:-

1. ਇਨ੍ਹਾਂ ਯੁੱਧਾਂ ਵਿੱਚ ਵਿਰੋਧੀ ਕੌਣ ਸਨ
2. ਗੁਰੂ ਸਾਹਿਬ ਵਿਰੁੱਧ ਇਹ ਯੁੱਧ ਕਿਉਂ ਛੇੜੇ ਗਏ
3. ਇਨ੍ਹਾਂ ਯੁੱਧਾਂ ਸਮੇਂ ਗੁਰੂ ਸਾਹਿਬ ਅਤੇ ਸਿੰਘਾਂ ਦਾ ਉਨ੍ਹਾਂ ਦੇ ਵਿਰੁੱਧ ਲੜਨ ਵਾਲਿਆ ਪ੍ਰਤੀ ਕੀ ਰਵੱਈਆ ਸੀ।

ਸਭ ਤੋਂ ਪਹਿਲਾਂ ਯੁੱਧ 1687 ਵਿੱਚ ਭੰਗਾਣੀ ਦੇ ਸਥਾਨ ਤੇ ਹੋਇਆ ਜੋ ਪਾਉਂਟਾਂ ਸਾਹਿਬ ਤੋਂ ਲਗਭਗ 11 ਕਿਲੋਮੀਟਰ ਦੂਰ ਸਥਿਤ ਹੈ। ਇਸ ਦਾ ਆਰੰਭ ਇੱਕ ਦਰਜਨ ਤੋਂ ਵੱਧ ਪਹਾੜੀ ਹਿੰਦੂ ਰਾਜਿਆ ਵੱਲੋਂ ਇਕੱਠੇ ਹੋਏ ਗੁਰੂ ਸਾਹਿਬ ਉੱਤੇ ਹਮਲਾ ਕਰਨ ਨਾਲ ਹੋਇਆ। ਬਹੁਤ ਸਖ਼ਤ ਮੁਕਾਬਲੇ ਤੋਂ ਬਾਅਦ ਪਹਾੜੀ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।

ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਸਾਹਿਬ ਆਨੰਦਪੁਰ ਸਾਹਿਬ ਆ ਗਏ। ਸੰਨ 1688 ਵਿੱਚ ਜੰਮੂ ਦੇ ਮੁਗ਼ਲ ਵਾਇਸਰਾਇ ਨੇ ਆਪਣੇ ਜਰਨੈਲ ਆਲਿਫ਼ ਬੇਗ਼ ਨੂੰ ਪਹਾੜੀ ਰਾਜਿਆਂ ਤੋਂ ਜਬਰੀ ‘ਕਰ’ ਵਸੂਲੀ ਕਰਨ ਲਈ ਭੇਜਿਆ। ਕੁਝ ਰਾਜਿਆਂ ਨੇ ਤਾਂ ਝੱਟਪਟ ਕਰ ਦੇਣਾ ਮੰਨ ਲਿਆ, ਪ੍ਰੰਤੂ ਕਹਿਲੂਰ ਦੇ ਰਾਜਾ ਭੀਮ ਚੰਦ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਇਸ ਸਥਿਤੀ ਵਿੱਚ ਉਸ ਨੇ ਗੁਰੂ ਸਾਹਿਬ ਨੂੰ ਆਲਿਫ਼ ਖ਼ਾਨ ਵਿਰੁੱਧ ਉਸ ਦੀ ਮਦਦ ਕਰਨ ਲਈ ਬੇਨਤੀ ਕੀਤੀ। ਭਾਵੇਂ ਭੰਗਾਣੀ ਯੁੱਧ ਕਰਵਾਉਣ ਪਿੱਛੇ ਰਾਜਾ ਭੀਮ ਚੰਦ ਦੀ ਮੁੱਖ ਜ਼ਿੰਮੇਵਾਰੀ ਸੀ ਪਰ ਗੁਰੂ ਸਾਹਿਬ ਨੇ ਫਿਰ ਵੀ ਉਸ ਦੀ ਮਦਦ ਕਰਨਾ ਪ੍ਰਵਾਨ ਕਰ ਲਿਆ। ਇਹ ਲੜਾਈ ਮੌਜੂਦਾ ਹਿਮਾਚਲ ਪ੍ਰਦੇਸ਼ ਵਿੱਚ ਨਦੌਣ ਦੇ ਸਥਾਨ ਤੇ ਹੋਈ ਜਿਸ ਵਿੱਚ ਆਲਿਫ਼ ਬੇਗ ਨੂੰ ਸਿਕਸ਼ਤ ਹੋਈ।

ਸੰਨ 1696 ਵਿੱਚ ਇੱਕ ਉੱਚ ਫੌਜੀ ਅਫ਼ਸਰ ਦਿਲਾਵਰ ਖ਼ਾਨ ਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਗੁਰੂ ਸਾਹਿਬ ਵਿਰੁੱਧ ਅਨੰਦਪੁਰ ਵਿਖੇ ਹਮਲਾ ਕਰਨ ਲਈ ਭੇਜਿਆ। ਗੁਰੂ ਸਾਹਿਬ ਨੇ ਬਿਚਿਤ੍ਰ ਨਾਟਕ ਵਿੱਚ ਰੁਸਤਮ ਖ਼ਾਨ ਨੂੰ ‘ਖਾਨਜ਼ਾਦਾ’ ਕਰਕੇ ਲਿਖਿਆ ਹੈ। ਖ਼ਾਨਜ਼ਾਦਾ ਦੀ ਇਹ ਯੋਜਨਾ ਸੀ ਕਿ ਰਾਤ ਸਮੇਂ ਅਚਾਨਕ ਹਮਲਾ ਕਰਕੇ ਅਨੰਦਪੁਰ ਸਾਹਿਬ ਤੇ ਕਬਜ਼ਾ ਕਰ ਲਿਆ ਜਾਵੇ। ਪ੍ਰੰਤੂ ਉਸ ਦੀ ਆਮਦ ਦੀ ਅਗਾਊਂ ਭਿਣਕ ਪੈ ਜਾਣ ਨਾਲ ਸਿੰਘਾਂ ਨੇ ਹਮਲਾਵਰ ਦੇ ਟਾਕਰੇ ਲਈ ਪਹਿਲਾਂ ਹੀ ਅੱਗੇ ਆ ਕੇ ਮੋਰਚੇ ਸੰਭਾਲ ਲਏ ਸਨ। ਇਹ ਦੇਖਦੇ ਹੋਏ ਖ਼ਾਨਜ਼ਾਦਾ ਬਿਨਾਂ ਲੜਿਆਂ ਹੀ ਵਾਪਸ ਪਰਤ ਗਿਆ।

ਸੰਨ 1699 ਵਿੱਚ ਖਲਾਸੇ ਦੀ ਸਾਜਨਾ ਮਗਰੋਂ ਸਿੰਘਾਂ ਦੀ ਚੜ੍ਹਤ ਦਿਨੋ ਦਿਨ ਵਧਦੀ ਜਾ ਰਹੀ ਸੀ। ਪਹਾੜੀ ਰਾਜੇ ਇਸ ਚੜ੍ਹਤ ਤੋਂ ਖਾਰ ਖਾਂਦੇ ਸਨ। ਉਨ੍ਹਾਂ ਨੇ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਕੋਲ ਗੁਰੂ ਸਾਹਿਬ ਵਿਰੁੱਧ ਚੁਗਲੀ ਕੀਤੀ ਅਤੇ ਉਹਨਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ ਅਤੇ ਇਸ ਹਮਲੇ ਉੱਤੇ ਆਉਣ ਵਾਲੇ ਖਰਚ ਦੀ ਅਦਾਇਗੀ ਕਰਨਾ ਵੀ ਪ੍ਰਵਾਨ ਕੀਤਾ। ਇਸ ਦੇ ਸਿੱਟੇ ਵਜੋਂ 1701 ਈ. ਵਿੱਚ ਇਨ੍ਹਾਂ ਮੁਗ਼ਲ ਸੂਬੇਦਾਰਾਂ ਵੱਲੋਂ ਪੈਂਦੇ ਖ਼ਾਨ ਅਤੇ ਦੀਨਾ ਬੇਗ ਦੀ ਅਗਵਾਈ ਵਿੱਚ ਫੌਜ਼ ਦੀ ਇੱਕ ਵੱਡੀ ਟੁੱਕੜੀ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਨ ਲਈ ਭੇਜੀ ਗਈ। ਰੋਪੜ ਕੋਲ ਇਸ ਫ਼ੌਜ ਵਿੱਚ ਪਹਾੜੀ ਰਾਜਿਆ ਦੀ ਆਪਣੀ ਫ਼ੌਜ ਵੀ ਸਾਮਿਲ ਹੋ ਗਈ। ਸਿੰਘ ਭਾਵੇਂ ਗਿਣਤੀ ਵਿੱਚ ਘੱਟ ਸਨ ਪਰ ਉਨ੍ਹਾਂ ਵੱਲੋਂ ਇਸ ਸਾਂਝੀ ਫ਼ੌਜ ਨੂੰ ਭਾਂਜ ਦਿੱਤੀ ਗਈ।

ਹਿੰਦੂ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੀ ਇਸ ਸਮਿਲਤ ਫ਼ੌਜ ਦੀ ਹਾਰ ਮਗਰੋਂ ਪਹਾੜੀ ਰਾਜਿਆਂ ਨੇ ਫਿਰ ਇਕੱਠੇ ਹੋ ਕੇ ਸਾਰੀ ਸਥਿਤੀ ਦਾ ਜਾਇਜਾ ਲਿਆ। ਉਨ੍ਹਾਂ ਨੇ ਕੁਝ ਸਮੇਂ ਮਗਰੋਂ ਹੀ ਆਪਣੇ ਲੋੜੀਦੇ ਸਾਧਨਾਂ ਨੂੰ ਇਕੱਤਰ ਕਰਕੇ ਅਨੰਦਪੁਰ ਸਾਹਿਬ ‘ਤੇ ਫਿਰ ਹਮਲਾ ਕੀਤਾ। ਪ੍ਰੰਤੂ ਉਹਨਾਂ ਨੂੰ ਦੁਬਾਰਾ ਹਾਰ ਖਾਣ ਤੋਂ ਇਲਾਵਾ ਕੁਝ ਪੱਲੇ ਨਾ ਪਿਆ।

ਇਸ ਲੜਾਈ ਵਿੱਚ ਜਦੋਂ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਤਾਂ ਕਹਿਲੂਰ ਦਾ ਰਾਜਾ ਅਜਮੇਰ ਚੰਦ ਅਤੇ ਉਸ ਦੇ ਹੋਰ ਸਾਥੀ ਰਾਜੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਬੈਠ ਗਏ। ਇਸ ਤੋਂ ਮਗਰੋਂ ਕੋਈ ਵਾਹ ਨਾ ਚਲਦੀ ਦੇਖ ਕੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਲਈ ਇੱਕ ਹੋਰ ਢੰਗ ਵਰਤਿਆ। ਉਨ੍ਹਾਂ ਨੇ ਗਊ ਦੀ ਕਸਮ ਹੇਠ ਗੁਰੂ ਸਾਹਿਬ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਜਾਣ ਅਤੇ ਫਿਰ ਵਾਪਸ ਆ ਜਾਣ ਤਾਂ ਕਿ ਗੁਰੂ ਸਾਹਿਬ ਨੂੰ ਬਾਹਰ ਕੱਢਣ ਦੀਆਂ ਜੋ ਸੋਹਾਂ ਖਾ ਕੇ ਉਹ ਹਮਲਾ ਕਰਨ ਆਏ ਸਨ ਉਹ ਪੂਰੀਆਂ ਹੋ ਜਾਣ। “ਗੁਰੂ ਜੀ ਨੇ ਇਹ ਸਮਝ ਕੇ ਕਿ ਸ਼ਾਇਦ ਇਹ ਸੁਗੰਦਾਂ ਦੇ ਬੱਧੇ ਹੋਏ ਘੇਰਾ ਪਾਈ ਬੈਠੇ ਹਨ ਅਤੇ ਸਾਡੇ ਇੱਥੋਂ ਕੁਝ ਚਿਰ ਚਲੇ ਜਾਣ ਨਾਲ ਆਪਣੀਆਂ ਸੁਗੰਦਾਂ ਪੂਰੀਆਂ ਹੋ ਗਈਆਂ ਸਮਝ ਕੇ ਘਰੋ ਘਰੀ ਤੁਰ ਜਾਣਗੇ”। ਉਹਨਾਂ ਦੀ ਗੱਲ ਮੰਨ ਲਈ ਅਤੇ ਅਨੰਦਪੁਰ ਸਾਹਿਬ ਛੱਡ ਕੇ ਨਿਰਮੋਹਗੜ੍ਹ ਆ ਗਏ। ਪਹਾੜੀ ਰਾਜਿਆਂ ਨੇ ਅਚਨਚੇਤੀ ਇੱਥੇ ਹਮਲਾ ਕਰ ਦਿੱਤਾ ਪਰ ਸਿੰਘਾਂ ਨੇ ਸਖ਼ਤ ਲੜਾਈ ਤੋਂ ਬਾਅਦ ਉਨ੍ਹਾਂ ਨੂੰ ਪਛਾੜ ਦਿੱਤਾ।

ਇਸੇ ਦੌਰਾਨ ਪਹਾੜੀ ਰਾਜਿਆਂ ਨੇ ਲਾਹੌਰ ਦੇ ਹਾਕਮ ਨੂੰ ਵੀ ਮਦਦ ਲਈ ਬੇਨਤੀ ਕੀਤੀ ਹੋਈ ਸੀ ਜਿਸ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਉਨ੍ਹਾਂ ਦੀ ਮਦਦ ਲਈ ਭੇਜਿਆ। ਇਸ ਲੜਾਈ ਵਿੱਚ ਵੀ ਪਹਾੜੀ ਰਾਜਿਆ ਤੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਨੂੰ ਸਫ਼ਲਤਾ ਨਾ ਮਿਲ ਸਕੀ। ਨਿਰਮੋਹਗੜ੍ਹ ਤੋਂ ਬਾਅਦ ਗੁਰੂ ਸਾਹਿਬ ਬਸੋਲੀ ਚਲੇ ਗਏ। ਇਥੇ ਫਿਰ ਪਹਾੜੀ ਰਾਜਿਆਂ ਵੱਲੋਂ ਗੁਰੂ ਸਾਹਿਬ ‘ਤੇ ਹਮਲਾ ਕੀਤਾ ਗਿਆ। ਜਿਸ ਵਿੱਚ ਹਮਲਾਵਰਾਂ ਨੂੰ ਸ਼ਿਕਸ਼ਤ ਖਾ ਕੇ ਵਾਪਸ ਪਰਤਣਾ ਪਿਆ।

ਸੰਨ 1702 ਵਿੱਚ ਗੁਰੂ ਸਾਹਿਬ ਕੁਰਕਸ਼ੇਤਰ ਤੋਂ ਆਉਂਦੇ ਹੋਏ ਲਗਭਗ 500 ਸਿੰਘਾਂ ਸਮੇਤ ਚਮਕੌਰ ਸਾਹਿਬ ਵਿੱਚ ਠਹਿਰੇ ਸਨ। ਉਸੇ ਸਮੇਂ ਮੁਗ਼ਲ ਜਰਨੈਲ, ਆਲਿਫ਼ ਖ਼ਾਨ ਅਤੇ ਸਯਦ ਬੇਗ ਫ਼ੌਜ ਦੀ ਇੱਕ ਵੱਡੀ ਟੁਕੜੀ ਲੈ ਕੇ ਲਾਹੌਰ ਤੋਂ ਦਿੱਲੀ ਜਾ ਰਹੇ ਸਨ। ਕਹਿਲੂਰ ਦੇ ਪਹਾੜੀ ਰਾਜੇ ਅਜਮੇਰ ਚੰਦ ਅਤੇ ਕੁਝ ਹੋਰ ਪਹਾੜੀ ਰਾਜਿਆਂ ਨੇ ਚੋਖੀ ਰਕਮ ਦੇਣਾ ਪ੍ਰਵਾਨ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ। ਉਸ ਲੜਾਈ ਵਿੱਚ ਸਯਦ ਬੇਗ ਤਾਂ ਗੁਰੂ ਸਾਹਿਬ ਦੇ ਸਾਹਮਣੇ ਆਉਂਦਿਆ ਹੀ ਉਨ੍ਹਾਂ ਦਾ ਮੁਰੀਦ ਬਣ ਗਿਆ ਸੀ, ਅਤੇ ਆਲਿਫ਼ ਖ਼ਾਨ ਨੂੰ ਜੰਗ ਵਿੱਚ ਹਾਰ ਖਾ ਕੇ ਉਥੋਂ ਭੱਜਣਾ ਪਿਆ।

ਇਸ ਲੜਾਈ ਦੇ ਸਿੱਟੇ ਵਜੋਂ ਪਹਾੜੀ ਰਾਜਿਆਂ ਨੂੰ ਨਾ ਕੇਵਲ ਨਿਰਾਸ਼ਤਾ ਹੋਈ “ਸਗੋਂ ਉਨ੍ਹਾਂ ਨੂੰ ਆਪਣੀ ਨਕਲੀ ਦੋਸਤੀ ਦੇ ਪਾਜ ਖੁੱਲ੍ਹਣ ਉੱਤੇ ਸ਼ਰਮਿੰਦਗੀ ਵੀ ਹੋਈ”। ਪ੍ਰੰਤੂ ਫਿਰ ਵੀ ਉਨ੍ਹਾਂ ਨੇ ਕੁਝ ਦਿਨਾਂ ਪਿਛੋਂ ਹੀ ਅਨੰਦਪੁਰ ਸਾਹਿਬ ਤੇ ਫਿਰ ਹਮਲਾ ਕਰ ਦਿੱਤਾ। ਇਸ ਵਾਰ ਫਿਰ ਸਿੰਘਾਂ, ਜੋ ਗਿਣਤੀ ਵਿੱਚ ਬਹੁਤੇ ਨਹੀਂ ਸਨ, ਨੇ ਦੁਸ਼ਮਣਾਂ ਨੂੰ ਕਰਾਰੀ ਹਾਰ ਦਿੱਤੀ ਜਿਸ ਕਾਰਨ ਪਹਾੜੀਆਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।

ਆਨੰਦਪੁਰ ਸਾਹਿਬ ਦੀ ਇਸ ਲੜਾਈ ਵਿੱਚ ਭਾਰੀ ਹਾਰ ਖਾਣ ਮਗਰੋਂ ਪਹਾੜੀ ਰਾਜਿਆਂ ਨੇ ਬਾਦਸ਼ਾਹ ਔਰੰਗਜੇਬ ਨੂੰ ਗੁਰੂ ਸਾਹਿਬ ਵਿਰੁੱਧ ਫੌਜ ਭੇਜਣ ਲਈ ਬੇਨਤੀ ਕੀਤੀ। ਇਸ ਲੜਾਈ ਤੇ ਹੋਣ ਵਾਲਾ ਸਾਰਾ ਖਰਚ ਵੀ ਪਹਾੜੀ ਰਾਜਿਆਂ ਨੇ ਦੇਣਾ ਪ੍ਰਵਾਨ ਕਰ ਲਿਆ। ਦਿੱਲੀ ਵੱਲੋਂ ਸਯਦ ਖ਼ਾਨ ਦੀ ਕਮਾਂਡ ਹੇਠ ਲਈ ਹਜ਼ਾਰ ਫੌਜ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਲਈ ਭੇਜੀ ਗਈ ਜਿਸ ਨਾਲ ਅੱਗੇ ਆ ਕੇ ਸਰਹੰਦ ਦੇ ਸੂਬੇਦਾਰ ਵੱਲੋਂ ਗਏ ਫ਼ੌਜੀ ਦਸਤੇ ਅਤੇ ਪਹਾੜੀ ਰਾਜਿਆਂ ਦੀ ਆਪਣੀ ਫੌਜ ਵੀ ਮਿਲ ਗਏ। ਇਸ ਜੰਗ ਦੇ ਦੌਰਾਨ ਜਦੋਂ ਗੁਰੂ ਸਾਹਿਬ ਅਤੇ ਮੁਗਲ ਜਰਨੈਲ ਸਯਦ ਖ਼ਾਨ ਆਹਮੋ-ਸਾਹਮਣੇ ਆਏ ਤਾਂ ਸਯਦ ਖ਼ਾਨ ਉਨ੍ਹਾਂ ਨੂੰ ਤਕਦਿਆ ਹੀ ਉਨ੍ਹਾਂ ਦਾ ਮੁਰੀਦ ਬਣ ਗਿਆ ਅਤੇ ਆਪਣੀ ਫੌਜ ਦੀ ਕਮਾਂਡ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਹਮਲਾਵਰ ਸੈਨਾ ਦੀ ਕਮਾਂਡ ਰਮਜਾਨ ਖਾਨ ਨੇ ਸੰਭਾਲੀ। ਸਖ਼ਤ ਮੁਕਾਬਲੇ ਤੋਂ ਬਾਅਦ ਹਮਲਾਵਰਾਂ ਨੂੰ ਸ਼ਿਕਸ਼ਤ ਖਾ ਕੇ ਨੱਸਣਾ ਪਿਆ।

ਇਨ੍ਹਾਂ ਸਾਰੇ ਯੁੱਧਾਂ ਵਿੱਚ ਸਿੰਘਾਂ ਦੀਆਂ ਜਿੱਤਾਂ ਬਾਰੇ ਖ਼ਬਰਾਂ ਬਾਦਸ਼ਾਹ ਔਰੰਗਜੇਬ ਨੂੰ ਉਸ ਦੇ ਆਪਣੇ ਸਰੋਤਾਂ ਰਾਹੀਂ ਲਗਾਤਾਰ ਪਹੁੰਚ ਰਹੀਆਂ ਸਨ। ਉੱਧਰ ਪਹਾੜੀ ਰਾਜੇ ਵੀ ਗੁਰੂ ਸਾਹਿਬ ਵਿਰੁੱਧ ਉਸ ਦੇ ਅਕਸਰ ਕੰਨ ਭਰਦੇ ਆ ਰਹੇ ਸਨ। ਇਨ੍ਹਾਂ ਗੱਲਾਂ ਦੇ ਮਿਲਵੇਂ ਪ੍ਰਭਾਵ ਸਦਕਾ ਔਰੰਗਜੇਬ ਨੇ ਲਾਹੌਰ, ਕਸ਼ਮੀਰ ਅਤੇ ਸਰਹੰਦ ਦੇ ਤਿੰਨ ਸੂਬੇਦਾਰਾਂ ਨੂੰ ਅਨੰਦਪੁਰ ਸਾਹਿਬ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਰੋਪੜ ਦੇ ਲਾਗੇ ਪਹੁੰਚ ਕੇ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਉਨ੍ਹਾਂ ਨਾਲ ਰਲ ਗਏ। ਇਸ ਤਰ੍ਹਾਂ

20 ਮਈ,1704 ਨੂੰ ਅਨੰਦਪੁਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੂੰ ਸਿੰਘਾਂ ਵੱਲੋਂ ਭਾਰੀ ਮੁਕਾਬਲੇ ਮਗਰੋਂ ਪਛਾੜ ਦਿੱਤਾ ਗਿਆ। ਇਸ ਉਪਰੰਤ ਹਮਲਾਵਰਾਂ ਵੱਲੋਂ ਅਨੰਦਪੁਰ ਸਾਹਿਬ ਦਾ ਮੁਕੰਮਲ ਘੇਰਾ ਪਾਇਆ ਗਿਆ,ਜੋ ਕਈ ਮਹੀਨੇ(ਕਰੀਬ 9 ਮਹੀਨੇ) ਚਲਦਾ ਗਿਆ। ਬਾਹਰੋਂ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸਨ। ਸਿੰਘ ਬਹਾਦਰੀ ਨਾਲ ਡਟ ਕੇ ਮੁਕਾਬਲਾ ਕਰਦੇ ਗਏ। ਕਦੇ ਕਦੇ ਉਹ ਹਮਲਾਵਰਾਂ ਉੱਤੇ ਅਚਨਚੇਤੀ ਹਮਲਾ ਕਰਦੇ ਅਤੇ ਉੱਨ੍ਹਾਂ ਤੋਂ ਖਾਣ-ਪੀਣ ਦਾ ਸਾਮਾਨ ਖੋਹ ਲਿਆਉਂਦੇ। ਇਸੇ ਸਥਿਤੀ ਵਿੱਚ ਸਮਾਂ ਬੀਤਦਾ ਗਿਆ। ਅਖ਼ੀਰ ਨੂੰ ਹਮਲਾਵਰਾਂ ਨੇ ਇੱਕ ਚਾਲ ਚੱਲੀ। ਉਹਨਾਂ ਨੇ ਬਾਦਸ਼ਾਹ ਔਰੰਗਜੇਬ ਵਲੋਂ ਕੁਰਾਨ ਦੇ ਨਾਂ ਉੱਤੇ ਲਿਖਿਆ ਹੋਇਆ ਇੱਕ ਪਰਵਾਨਾ ਗੁਰੂ ਸਾਹਿਬ ਨੂੰ ਪਹੁੰਚਾਇਆਂ। ਇਸ ਦੇ ਨਾਲ ਹੀ ਪਹਾੜੀ ਰਾਜਿਆਂ ਵੱਲੋਂ ਗਊ ਦੀਆਂ ਸੋਹਾਂ ਅਤੇ ਮੁਗ਼ਲ ਹਾਕਮਾਂ ਵੱਲੋਂ ਕੁਰਾਨ ਦੀਆਂ ਕਸਮਾਂ ਵਾਲੀਆਂ ਚਿੱਠੀਆਂ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ। ਇਨ੍ਹਾਂ ਸਭ ਪੱਤਰਾਂ ਵਿੱਚ ਕਸਮਾਂ ਹੇਠ ਇਹ ਲਿਖਿਆ ਗਿਆ ਸੀ ਕਿ ਜੇਕਰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਛੱਡ ਜਾਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ।

ਭਾਵੇਂ ਗੁਰੂ ਸਾਹਿਬ ਵਿਰੋਧੀਆਂ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਸਨ ਪਰੰਤੂ ਸਿੰਘਾਂ ਦੇ ਜ਼ੋਰ ਪਾਉਣ ਤੇ ਉਨ੍ਹਾਂ ਨੇ 1704 ਵਿਖੇ ਦਸੰਬਰ ਦੇ ਤੀਜੇ ਹਫ਼ਤੇ ਸਮੇਂ ਰਾਤ ਦੇ ਪਹਿਲੇ ਪਹਿਰ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ।

ਗੁਰੂ ਸਾਹਿਬ ਅਜੇ ਅਨੰਦਪੁਰ ਸਾਹਿਬ ਤੋਂ ਕੁਝ ਦੂਰ ਹੀ ਗਏ ਸਨ ਕਿ ਦੁਸ਼ਮਣਾਂ ਨੇ ਸਭ ਕਸਮਾਂ ਅਤੇ ਲਿਖਤੀ ਵਾਹਦਿਆਂ ਨੂੰ ਛਿੱਕੇ ਟੰਗ ਕੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁਕਾਬਲਾ ਕਰਦੇ ਹੋਏ ਗੁਰੂ ਸਾਹਿਬ ਸਰਸਾ ਦਰਿਆ ਦੇ ਕੰਡੇ ਪਹੁੰਚੇ। ਉਨ੍ਹਾਂ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਕਰਕੇ ਇਸ ਦਰਿਆ ਵਿੱਚ ਹੜ੍ਹ ਆਇਆ ਹੋਇਆ ਸੀ ਜਿਸ ਕਾਰਨ ਇਸ ਨੂੰ ਪਾਰ ਕਰਨਾ ਕਾਫ਼ੀ ਔਖਾ ਬਣ ਗਿਆ। ਇਸੇ ਕਾਰਨ ਸਰਸੇ ਦੇ ਉੱਤਰ ਵੱਲ ਹਮਲਾਵਰਾਂ ਨਾਲ ਭਾਰੀ ਜੰਗ ਹੋਈ ਜਿਸ ਵਿੱਚ ਦੋਹਾਂ ਧਿਰਾਂ ਨੂੰ ਭਾਰੀ ਜਾਨੀ ਨੁਕਸਾਨ ਉਠਾਉਣਾ ਪਿਆ।

ਸਰਸਾ ਦਰਿਆ ਦੇ ਕੰਡੇ ਹੋਏ ਯੁੱਧ ਤੋਂ ਬਾਅਦ ਅਗਲਾ ਜੰਗ ਚਮਕੌਰ ਸਾਹਿਬ ਵਿਖੈ ਹੋਇਆ। ਇਥੇ ਪਹੁੰਚਦੇ ਹੋਏ ਗੁਰੂ ਸਾਹਿਬ ਨਾਲ ਕੇਵਲ ਚਾਲੀ ਸਿੰਘ ਰਹਿ ਗਏ ਸਨ। ਗੁਰੂ ਸਾਹਿਬ ਨੇ ਉੱਚੀ ਥਾਂ ਸਥਿਤ ਇੱਕ ਕੱਚੀ ਗੜ੍ਹੀ ਵਿੱਚ ਬੈਠ ਕੇ ਲੱਖਾਂ ਦੀ ਗਿਣਤੀ ਵਿੱਚ ਆਏ ਹਮਲਾਵਰਾਂ ਦਾ ਭਰਪੂਰ ਮੁਕਾਬਲਾ ਕੀਤਾ। ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਇਸ ਜੰਗ ਵਿੱਚ ਸ਼ਹੀਦੀ ਪਾ ਗਏ ਸਨ।

ਗੁਰੂ ਸਾਹਿਬ ਵਿਰੁੱਧ ਇੱਕ ਹੋਰ ਵੱਡਾ ਹਮਲਾ ਸਰਹੰਦ ਦੇ ਸੂਬੇਦਾਰ ਵੱਲੋਂ ਸੰਨ 1705 ਨੂੰ ਮਈ ਦੇ ਮਹੀਨੇ ਦੇ ਦੂਜੇ ਹਫਤੇ ਕੀਤਾ ਗਿਆ ਜਦੋਂ ਗੁਰੂ ਸਾਹਿਬ ਖਿਦਰਾਣੇ (ਮੁਕਤਸਰ) ਵਿਖੇ ਠਹਿਰੇ ਹੋਏ ਸਨ। ਹਮਲਾਵਰ ਫੌਜ ਦੀ ਗਿਣਤੀ 7-8 ਹਜ਼ਾਰ ਸੀ ਜੋ ਮੁਕਾਬਲੇ ਵਿੱਚ ਬੈਠੇ ਸਿੰਘਾਂ ਦੀ ਗਿਣਤੀ ਤੋਂ ਕਿਤੇ ਜਿਆਦਾ ਸੀ।

ਸਖ਼ਤ ਲੜਾਈ ਤੋਂ ਮਗਰੋਂ ਮੁਗ਼ਲ ਸੈਨਾ ਨੂੰ ਵਾਪਸ ਪਰਤਣ ਲਈ ਮਜ਼ਬੂਰ ਹੋਣਾ ਪਿਆ। ਇਸ ਲੜਾਈ ਵਿੱਚ ਮੁਗ਼ਲਾਂ ਦਾ ਪਹਿਲਾ ਟਾਕਰਾ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਆਏ ਉਨ੍ਹਾਂ ਮਝੈਲ ਸਿੰਘਾਂ ਨਾਲ ਹੋਇਆ ਜੋ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਆਏ ਸਨ।

ਉਪੋਰਕਤ ਯੁੱਧਾਂ ਤੋਂ ਇਹ ਪਤਾ ਚਲਦਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਗੁਰੂ ਸਾਹਿਬ ਦੇ ਯੁੱਧ ਕੇਵਲ ਮੁਗ਼ਲਾਂ ਵਿਰੁੱਧ ਹੀ ਸਨ। ਗੁਰੂ ਸਾਹਿਬ ਵਿਰੁੱਧ ਲੜਾਈਆਂ ਦਾ ਸਿਲਸਿਲਾ ਪਹਾੜੀ ਹਿੰਦੂ ਰਾਜਿਆਂ ਵੱਲੋਂ ਭੰਗਾਣੀ ਦੇ ਯੁੱਧ ਤੋਂ ਸ਼ੁਰੂ ਹੁੰਦਾ ਹੈ।
ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕਰਨ ਦੀ ਸ਼ੁਰੂਆਤ ਵੀ ਪਹਿਲਾਂ ਇਨ੍ਹਾਂ ਪਹਾੜੀ ਰਾਜਿਆਂ ਵੱਲੋਂ ਹੀ ਕੀਤੀ ਗਈ ਸੀ।
ਇਸੇ ਤਰ੍ਹਾਂ ਦਿੱਲੀ ਦੀ ਹਕੂਮਤ ਅਤੇ ਉਸ ਦੇ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਚੁੱਕ ਕੇ ਗੁਰੂ ਸਾਹਿਬ ਵਿਰੁੱਧ ਹਮਲਾ ਕਰਨ ਲਈ ਉਕਸਾਉਣ ਦਾ ਕੰਮ ਵੀ ਉਹ ਹੀ ਕਰਦੇ ਰਹੇ।

ਮੁਗ਼ਲ ਹਾਕਮਾਂ ਵੱਲੋਂ ਅਜਿਹੇ ਹਮਲੇ ਕਰਨ ਦੇ ਇਵਜ਼ ਵਜੋਂ ਪਹਾੜੀ ਰਾਜੇ ਉਨ੍ਹਾਂ ਨੂੰ ਭਾਰੀ ਰਕਮ ਵੀ ਦਿੰਦੇ ਰਹੇ ਅਤੇ ਨਾਲ ਹੀ ਜੰਗ ਲਈ ਆਪਣੀਆਂ ਫੌਜਾਂ ਭੇਜਦੇ ਰਹੇ।

ਗੁਰੂ ਸਾਹਿਬ ਨੂੰ ਤੇਰਾਂ ਵੱਡੇ ਯੁੱਧ ਲੜਨੇ ਪਏ। ਇਨ੍ਹਾਂ ਵਿਚੋਂ ਚਾਰ ਵਾਰ ਪਹਾੜੀ ਰਾਜਿਆਂ ਵੱਲੋਂ ਯੁੱਧ ਦਾ ਆਰੰਭ ਕੀਤਾ ਗਿਆ, ਇੱਕ ਵਾਰ ਭੰਗਾਣੀ ਵਿਖੇ ਅਤੇ ਤਿੰਨ ਵਾਰ ਅਨੰਦਪੁਰ ਸਾਹਿਬ ਵਿਖੇ।

ਸੰਨ 1702 ਵਿਖੇ ਚਮਕੌਰ ਸਾਹਿਬ ਦੀ ਪਹਿਲੀ ਲੜਾਈ ਕਹਿਲੂਰ ਦੇ ਰਾਜਾ ਅਜਮੇਰ ਚੰਦ ਦੀ ਸਾਜ਼ਿਸ ਨਾਲ ਮੁਗ਼ਲ ਜਰਨੈਲਾਂ ਦੇ ਹਮਲੇ ਵਜੋਂ ਹੋਈ। ਇਹ ਹਮਲਾ ਕਰਨ ਲਈ ਅਜਮੇਰ ਚੰਦ ਨੇ ਆਲਿਫ਼ ਖ਼ਾਨ ਅਤੇ ਸਾਯਦ ਬੇਗ ਨੂੰ ਵੱਡੀ ਰਕਮ ਦੇਣਾ ਮੰਨਿਆ ਸੀ।

ਪੰਜ ਵਾਰ ਯੁੱਧ ਦਾ ਆਰੰਭ ਪਹਾੜੀ ਰਾਜਿਆਂ ਅਤੇ ਮੁਗਲਾਂ ਹਾਕਮਾਂ ਦੀਆਂ ਸਾਂਝੀਆਂ ਫੌਜਾਂ ਦੇ ਹਮਲੇ ਕਾਰਨ ਹੋਇਆ। ਇਸ ਤਰ੍ਹਾਂ 13 ਵਿਚੋਂ 9 ਯੁੱਧ ਪਹਾੜੀ ਰਾਜਿਆਂ ਨਾਲ ਅਤੇ ਜਾਂ ਉਨ੍ਹਾਂ ਅਤੇ ਮੁਗਲਾਂ ਦੀਆਂ ਸਾਂਝੀਆਂ ਫੋਜਾਂ ਨਾਲ ਹੋਏ। ਇਕੱਲੇ ਮੁਗਲ ਹਾਕਮਾਂ ਵੱਲੋਂ ਹਮਲਾ ਤਿੰਨ ਵਾਰ ਕੀਤਾ ਗਿਆ ਜਿਨ੍ਹਾਂ ਵਿੱਚ ਚਮਕੌਰ ਸਾਹਿਬ ਦਾ ਦੂਜਾ ਯੁੱਧ ਅਤੇ ਖਿਦਰਾਣੇ (ਮੁਕਤਸਰ) ਦੇ ਜੰਗ ਸ਼ਾਮਿਲ ਹਨ। ਇਸ ਤਰ੍ਹਾਂ ਜੇਕਰ ਸਾਰੇ ਤੱਥਾਂ ਨੂੰ ਧਿਆਨ ਨਾਲ ਵਾਚਿਆ ਜਾਏ ਤਾਂ ਗੁਰੂ ਸਾਹਿਬ ਵਿਰੁੱਧ ਯੁੱਧਾਂ ਲਈ ਪਹਾੜੀ ਹਿੰਦੂ ਰਾਜੇ ਅਤੇ ਮੁਗ਼ਲ ਸ਼ਾਸ਼ਕ ਦੋਨੋਂ ਹੀ ਜ਼ਿੰਮੇਵਾਰ ਸਨ।

ਪਹਾੜੀ ਰਾਜਿਆਂ ਵਜੋਂ ਗੁਰੂ ਸਾਹਿਬ ਵਿਰੁੱਧ ਜੰਗ ਛੇੜੀ ਰੱਖਣ ਦੇ ਕਈ ਕਾਰਨ ਸਨ। ਇਨ੍ਹਾਂ ਵਿਚੋਂ ਵੱਡਾ ਕਾਰਨ ਸਿੱਖ ਧਰਮ ਦਾ ਤੇਜ਼ੀ ਨਾਲ ਫੈਲਣਾ ਸੀ ਜਿਸ ਸਦਕਾ ਹਿੰਦੂ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਬਹੁਤ ਲੋਕ ਧੜਾ-ਧੜ ਸਿੱਖ ਬਣ ਰਹੇ ਸਨ ਜਿਸ ਕਰਕੇ ਪਹਾੜੀ ਰਾਜਿਆਂ ਨੂੰ ਆਪਣੀ ਰਾਜਨੀਤਿਕ ਸਥਿਰਤਾ ਲਈ ਖਤਰਾ ਮਹਿਸੂਸ ਹੋਣ ਲੱਗ ਪਿਆ ਸੀ।
ਸੰਨ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਮਗਰੋਂ ਸਿੱਖ ਲਹਿਰ ਹੋਰ ਵੀ ਪ੍ਰਚੰਡ ਹੋ ਗਈ ਸੀ। ਇਸ ਦੇ ਸਿੱਟੇ ਵੱਜੋਂ ਸਮਾਜ ਦੇ ਦਬੇ-ਕੁਚਲੇ ਲੋਕ ਵੀ ਜਾਗਰੂਕ ਹੋ ਰਹੇ ਸਨ ਅਤੇ ਸਿੰਘ ਸਜ ਰਹੇ ਸਨ। ਭਰਪੂਰ ਰੂੜ੍ਹੀਵਾਦਤਾ ਵਾਲੇ ਉਸ ਇਲਾਕੇ ਵਿੱਚ “ਆਜ਼ਾਦ ਅਤੇ ਊਚ-ਨੀਚ ਤੋਂ ਮੁਕਤ ਸਮਾਜ ਦਾ ਉਸਰਨਾ” ਪਹਾੜੀ ਰਾਜਿਆਂ ਦੇ ਹਿਤਾਂ ਦੇ ਉਲਟ ਜਾ ਰਿਹਾ ਸੀ।

ਇਥੇ ਇੱਕ ਹੋਰ ਗੱਲ ਵੀ ਆਪਣਾ ਹਿੱਸਾ ਅਦਾ ਕਰ ਰਹੀ ਸੀ ਕਿ ਜਿਥੇ ਪਹਾੜੀ ਰਾਜੇ ਬੁੱਤ-ਪ੍ਰਸਤੀ ਵਿੱਚ ਵਿਸ਼ਵਾਸ ਰਖਦੇ ਸਨ ਉਥੇ ਖਾਲਸਾ ਪੰਥ ਇਸ ਪ੍ਰਥਾ ਨੂੰ ਨਹੀਂ ਮੰਨਦਾ।
ਇਸੇ ਤਰ੍ਹਾਂ ਅਜਿਹੇ ਆਜ਼ਾਦ ਅਤੇ ਊਚ-ਨੀਚ ਤੋਂ ਮੁਕਤ ਸਮਾਜ ਦੇ ਨਿਰਮਾਣ ਅਤੇ ਸਿੱਖ ਪੰਥ ਦੀ ਵਧਦੀ ਤਾਕਤ ਤੋਂ ਮੁਗ਼ਲ ਸ਼ਾਸ਼ਕ ਵੀ ਆਪਣੇ ਲਈ ਖਤਰੇ ਵਜੋਂ ਦੇਖ ਰਹੇ ਸਨ। ਇਹ ਸਥਿਤੀ ਉਨ੍ਹਾਂ ਲਈ ਨਾ ਕੇਵਲ ਰਾਜਨੀਤਿਕ ਤੌਰ ਤੇ ਹੀ ਖਤਰਾ ਪੇਸ਼ ਕਰਦੀ ਸੀ ਸਗੋਂ ਧਾਰਮਿਕ ਤੌਰ ਤੇ ਵੀ ਰਾਸ ਨਹੀਂ ਸੀ ਆਉਂਦੀ ਕਿਉਂਕਿ ਸਿੱਖ ਲਹਿਰ ਦੇ ਪ੍ਰਬਲ ਹੋਣ ਨਾਲ ਹਿੰਦੂਆਂ ਵਿਚੋਂ ਇਸਲਾਮ ਵਿੱਚ ਹੋ ਰਹੇ ਸਵੈ-ਇੱਛਕ ਧਰਮ-ਪਰਿਵਰਤਨ ਵਿੱਚ ਖੜੋਤ ਵਾਲੀ ਹਾਲਤ ਪਹੁੰਚ ਗਈ ਸੀ। ਇਸ ਪ੍ਰਕਾਰ ਸਿੱਖ ਪੰਥ ਦੀ ਤੇਜ਼ੀ ਨਾਲ ਵਧ ਰਹੀ ਤਾਕਤ ਨੂੰ ਪਹਾੜੀ ਰਾਜੇ ਅਤੇ ਮੁਗ਼ਲ ਹਕੂਮਤ ਦੋਵੇਂ ਆਪਣੇ ਆਪਣੇ ਲਈ ਧਾਰਮਿਕ ਅਤੇ ਰਾਜਨੀਤਿਕ ਚੈਲਿੰਜ ਵਜੋਂ ਲੈ ਰਹੇ ਸਨ। ਇਹੀ ਕਾਰਨ ਹੈ ਕਿ ਉਹ ਆਪਸੀ ਤਕੜੇ ਵਿਰੋਧਾਂ ਦੇ ਬਾਵਜੂਦ ਗੁਰੂ ਸਾਹਿਬ ਵਿਰੁੱਧ ਇਕੱਠੇ ਹੋ ਕੇ ਯੁੱਧ ਛੇੜਦੇ ਰਹੇ।

ਇਸ ਸੰਬੰਧ ਵਿੱਚ ਇਹ ਧਿਆਨ ਦਿਵਾਉਣਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਇੱਕ ਆਜ਼ਾਦ ਹਸਤੀ ਦੇ ਰੂਪ ਵਿੱਚ ਰਹਿ ਰਹੇ ਸਨ।

ਖਾਲਸਾ ਪੰਥ ਵੀ ਇੱਕ ਆਜ਼ਾਦ ਹਸਤੀ ਦੇ ਤੌਰ ਤੇ ਹੀ ਸਾਜਿਆ ਗਿਆ ਸੀ ਕਿਉਂਕਿ ਇਹ ‘ਪ੍ਰਮਾਤਮਾ ਕੀ ਮੌਜ’ ਦਾ ਹੀ ਸਿੱਟਾ ਸੀ।

ਆਜ਼ਾਦ ਤੌਰ ਤੇ ਵਿਚਰਨ ਦੇ ਚਿੰਨ੍ਹ ਵੀ ਸਾਜੇ ਗਏ ਜਿਵੇਂ ਕਿ ਰਣਜੀਤ ਨਗਾਰਾ ਅਤੇ ਕਿਲ੍ਹੇ ਆਦਿਕ।

ਉਨ੍ਹਾਂ ਦਿਨਾਂ ਵਿੱਚ ਨਗਾਰਾ ਰੱਖਣਾ ਅਤੇ ਵਜਾਉਣਾ ਕੇਵਲ ਰਾਜਿਆਂ ਦਾ ਹੀ ਅਧਿਕਾਰ ਮੰਨਿਆ ਜਾਂਦਾ ਸੀ। ਅਨੰਦਪੁਰ ਸਾਹਿਬ ਇਸ ਆਜ਼ਾਦ ਫਿਜ਼ਾ ਦਾ ਇੱਕ ਚਿੰਨ੍ਹ ਬਣ ਗਿਆ ਸੀ ਜਿਸ ਨੂੰ ਸਿੱਖ ਵੀ ਅਤੇ ਉਨ੍ਹਾਂ ਦੇ ਵਿਰੋਧੀ, ਪਹਾੜੀ ਰਾਜੇ ਅਤੇ ਮੁਗ਼ਲ, ਵੀ ਇੱਕ ਆਜ਼ਾਦ ਖਿੱਤਾ ਮੰਨਦੇ ਸਨ। ਇਸ ਖਿੱਤੇ ਦੇ ਆਜ਼ਾਦ ਸਰੂਪ ਦੀ ਹਿਫ਼ਾਜਤ ਲਈ ਹੀ ਇਥੇ ਕਈ ਕਿਲ੍ਹਿਆਂ ਦਾ ਨਿਰਮਾਣ ਕੀਤਾ ਗਿਆ ਸੀ। ਪਹਾੜੀ ਰਾਜਿਆਂ ਅਤੇ ਮੁਗ਼ਲ ਹਾਕਮਾਂ ਵੱਲੋਂ ਅਨੰਦਪੁਰ ਸਾਹਿਬ ਉੱਤੇ ਵਾਰ ਵਾਰ ਹਮਲਾ ਕਰਨ ਦਾ ਵੱਡਾ ਕਾਰਨ ਇਸ ਖਿੱਤੇ ਦੀ ਆਜ਼ਾਦ ਹਸਤੀ ਨੂੰ ਖ਼ਤਮ ਕਰਨਾ ਸੀ। ਇਸ ਖਿੱਤੇ ਦੀ ਆਜ਼ਾਦੀ ਦਾ ਕਾਇਮ ਰਹਿਣਾ ਉਸ ਵੇਲੇ ਦੇ ਹਾਕਮਾਂ ਲਈ ਇੱਕ ਗੰਭੀਰ ਰਾਜਨੀਤਿਕ ਅਸਥਿਰਤਾ ਦਾ ਕਾਰਨ ਬਣਦਾ ਜਾ ਰਿਹਾ ਸੀ। ਹਮਲਾ ਕਰਨ ਦੀ ਪਹਿਲ ਉਹ ਹੀ ਕਰਦਾ ਹੈ ਜੋ ਜਾਂ ਤਾਂ ਆਪ ਅਸੁਰੱਖਿਤ ਮਹਿਸੂਸ ਕਰਦਾ ਹੋਵੇ ਤੇ ਜਾਂ ਕਿਸੇ ਹੋਰ ਦੀ ਹੋ ਰਹੀ ਚੜ੍ਹਤ ਤੋਂ ਖਾਰ ਖਾਂਦਾ ਹੋਵੇ। ਉਸ ਸਮੇਂ ਖਾਲਸਾ ਪੰਥ ਦੀ ਪ੍ਰਬਲ ਚੜ੍ਹਤ ਕਾਰਨ ਦੂਜੀਆਂ ਦੋਨੋਂ ਮੁੱਖ ਧਿਰਾਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਡੂੰਘੀ ਅਸੁਰੱਖਿਅਤਾ ਦਾ ਸ਼ਿਕਾਰ ਹੋ ਰਹੀਆਂ ਸਨ ਉਨ੍ਹਾਂ ਵੱਲੋਂ ਗੁਰੂ ਸਾਹਿਬ ਵਿਰੁੱਧ ਇਨ੍ਹਾਂ ਯੁੱਧਾਂ ਨੂੰ ਛੇੜਨ ਦਾ ਮੁੱਖ ਕਾਰਨ ਇਹ ਅਸੁਰੱਖਿਅਤਾ ਦੀ ਭਾਵਨਾ ਹੀ ਸੀ। ਇਸ ਤਰ੍ਹਾਂ ਕੇਵਲ ਇਹ ਕਹਿ ਕੇ ਗੱਲ ਖਤਮ ਕਰ ਦੇਣਾ ਕਿ ਇਹ ਯੁੱਧ ਜ਼ੁਲਮ ਦੇ ਵਿਰੁੱਧ ਸਨ, ਇਨ੍ਹਾਂ ਯੁੱਧਾਂ ਦੇ ਸਮੁੱਚੇ ਸੰਦਰਭ ਨੂੰ ਠੀਕ ਤਰ੍ਹਾਂ ਨਹੀਂ ਦਰਸਾਉਂਦਾ।

ਗੁਰੂ ਸਾਹਿਬ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਮਹੱਤਵਪੂਰਨ ਪਹਿਲੂ ਇਹ ਹਨ

1. ਉਨ੍ਹਾਂ ਨੇ ਆਪ ਪਹਿਲਾਂ ਕਿਸੇ ਉੱਤੇ ਹਮਲਾ ਨਹੀਂ ਕੀਤਾ। ਉਹ ਹਥਿਆਰ ਉਸੇ ਵੇਲੇ ਚੁੱਕਦੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਹੁੰਦਾ ਸੀ ਅਤੇ ਹਥਿਆਰ ਚੁੱਕਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਹੁੰਦਾ।
2. ਵਿਰੋਧੀਆਂ ਨੂੰ ਹਰਾਉਣ ਮਗਰੋਂ ਸਿੰਘਾਂ ਵੱਲੋਂ ਕਿਸੇ ਨੂੰ ਵੀ ਧਰਮ-ਪਰਿਵਰਤਨ ਲਈ ਨਹੀਂ ਸੀ ਕਿਹਾ ਜਾਂਦਾ ਜਦ ਕਿ ਲੰਮੇ ਸਮੇਂ ਤੋਂ ਇਹ ਰਵਾਇਤ ਚੱਲੀ ਆ ਰਹੀ ਸੀ ਕਿ ਜੰਗ ਵਿੱਚ ਹਾਰੇ ਹੋਏ ਲੋਕਾਂ ਦਾ ਜਬਰੀ ਧਰਮ-ਪਰਿਵਰਤਨ ਕੀਤਾ ਜਾਂਦਾ ਸੀ।
3. ਸਿੰਘਾਂ ਵੱਲੋਂ ਕਿਸੇ ਵੀ ਵਿਰੋਧੀ ਨੂੰ ਕੈਦੀ ਨਹੀਂ ਸੀ ਬਣਾਇਆ ਜਾਂਦਾ।
4. ਸਿੰਘਾਂ ਵੱਲੋਂ ਜੰਗ ਵਿੱਚ ਮਾਰੇ ਗਏ ਵਿਰੋਧੀ ਲੜਾਕੂਆਂ ਦਾ ਉਨ੍ਹਾਂ ਦੇ ਧਰਮਾਂ ਅਨੁਸਾਰ ਸਸਕਾਰ ਕੀਤਾ ਜਾਂਦਾ ਸੀ।
ਗੁਰੂ ਸਾਹਿਬ ਦੇ ਕੁਝ ਵਾਲੰਟੀਅਰ ਸਿੰਘ ਜੰਗ ਵਿੱਚ ਜਖ਼ਮੀ ਹੋਏ ਲੋਕਾਂ, ਭਾਵੇਂ ਉਹ ਲੜਾਈ ਵਿੱਚ ਸ਼ਾਮਿਲ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਦੀ ਮੱਲ੍ਹਮ ਪੱਟੀ ਕਰਦੇ ਸਨ ਅਤੇ ਉਨ੍ਹਾਂ ਨੂੰ ਪਾਣੀ ਪਿਲਾਉਂਦੇ ਸਨ।

ਇਨ੍ਹਾਂ ਯੁੱਧਾਂ ਦਾ ਇੱਕ ਹੋਰ ਅਨਿਖੜਵਾ ਪਹਿਲੂ ਇਹ ਸੀ ਕਿ ਭਾਵੇਂ ਹਰ ਵਾਰ ਸਿੰਘਾਂ ਦੀ ਗਿਣਤੀ ਹਮਲਾਵਰਾਂ ਦੇ ਮੁਕਾਬਲੇ ਵਿੱਚ ਚੋਖੀ ਘਟ ਹੁੰਦੀ ਸੀ ਪਰ ਫਿਰ ਵੀ ਮੈਦਾਨ ਸਿੰਘਾਂ ਦੇ ਹੱਥ ਰਹਿੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਸਿੰਘ ਇਸ ਵੱਡੇ ਮਨੋਰਥ ਨਾਲ ਸ਼ਰਸ਼ਾਰ ਹੁੰਦੇ ਸਨ ਕਿ ਉਹ ਜ਼ਿੰਦਗੀ ਅਤੇ ਸਮਾਜ ਲਈ ਇੱਕ ਆਜ਼ਾਦ ਅਤੇ ਊਚ-ਨੀਚ ਮੁਕਤ ਆਦਰਸ਼ਕ ਫਿਜ਼ਾ ਸਿਰਜ ਰਹੇ ਹਨ, ਜਦ ਕਿ ਉਨ੍ਹਾਂ ਦੇ ਵਿਰੋਧੀਆਂ ਦੀ ਭਾਰੀ ਗਿਣਤੀ ਤਨਖ਼ਾਹ ਦੇ ਲਾਲਚ ਵਾਲੀ ਹੁੰਦੀ ਸੀ।

ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਯੁੱਧ ਦੇਸ਼ ਦੀ ਏਕਤਾ ਜਾਂ ਦੇਸ਼ ਦੀ ਆਜ਼ਾਦੀ ਲਈ ਲੜੇ ਸਨ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਹਰ ਵਾਰ ਹਮਲਾ ਗੁਰੂ ਸਾਹਿਬ ਵਿਰੁੱਧ ਕੀਤਾ ਗਿਆ। ਹਮਲਾ ਕਰਨ ਵਾਲੀਆਂ ਦੋ ਧਿਰਾਂ ਸਨ ਜਿਨ੍ਹਾਂ ਨੇ ਅਲੱਗ ਅਲੱਗ ਤੌਰ ਤੇ ਵੀ ਹਮਲੇ ਕੀਤੇ ਅਤੇ ਮਿਲ ਕੇ ਵੀ। ਇੱਕ ਧਿਰ ਪਹਾੜੀ ਹਿੰਦੂ ਰਾਜਿਆਂ ਦੀ ਸੀ ਜਿਨ੍ਹਾਂ ਦਾ ਪੰਜਾਬ ਨਾਲ ਲਗਦੇ ਪਰਬਤੀ ਇਲਾਕਿਆਂ ਉੱਤੇ ਰਾਜ ਸੀ। ਦੂਜੀ ਧਿਰ ਮੁਗ਼ਲ ਹਕੂਮਤ ਦੀ ਸੀ ਜਿਸ ਦੇ ਰਾਜ ਵਿੱਚ ਹਿੰਦੁਸਤਾਨ ਦਾ ਬਹੁਤਾ ਵੱਡਾ ਭਾਗ ਸ਼ਾਮਿਲ ਸੀ। ਇਸ ਸੰਦਰਭ ਵਿੱਚ ਜੇਕਰ ਆਖਿਆ ਜਾਏ ਕਿ ਗੁਰੂ ਸਾਹਿਬ ਨੇ ਇਹ ਯੁੱਧ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੈ ਤਾਂ ਪਹਿਲਾਂ ਇਹ ਸਵੀਕਾਰ ਕਰਨਾ ਜ਼ਰੂਰੀ ਹੋਵੇਗਾ ਕਿ ਪਹਾੜੀ ਰਾਜਿਆਂ ਅਤੇ ਮੁਗ਼ਲ ਬਾਦਸ਼ਾਹਾਂ ਦੋਹਾਂ ਨੇ ਇਸ ਮੁਲਕ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਜੇਕਰ ਇਹ ਮੰਨਿਆਂ ਜਾਏ ਕਿ ਇਹ ਯੁੱਧ ਇਸ ਮੁਲਕ ਨੂੰ ਇੱਕਠਾ ਕਰਨ ਲਈ ਲੜੇ ਸਨ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਨ੍ਹਾਂ ਦੇ ਵਿਰੋਧੀ ਦੇਸ਼ ਦੀ ਏਕਤਾ ਦੇ ਹਾਮੀ ਨਹੀਂ ਸਨ। ਇਸ ਤਰ੍ਹਾਂ ਇਹ ਦੋਨੋਂ ਵਿਚਾਰ ਠੀਕ ਨਹੀਂ ਹਨ।

ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਦੇ ਯੁੱਧ ਕਿਸੇ ਧਰਮ ਜਾਂ ਫ਼ਿਰਕੇ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਦੀ ਫੌਜ ਵਿੱਚ ਸਿੰਘਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਹੁੰਦੇ ਸਨ ਜਿਵੇਂ ਕਿ ਉੱਤੇ ਦੱਸਿਆ ਗਿਆ ਹੈ ਕਿ ਇਹ ਜੰਗ ਉਸ ਵੇਲੇ ਦੇ ਹਿੰਦੂ ਅਤੇ ਮੁਸਲਮਾਨ ਹਾਕਮਾਂ ਵੱਲੋਂ ਸ਼ੁਰੂ ਕੀਤੇ ਗਏ ਕਿਉਂਕਿ ਉਹ ਖਾਲਸਾ ਪੰਥ ਦੀ ਦਿਨੋ ਦਿਨ ਹੋ ਰਹੀ ਚੜ੍ਹਤ ਨੂੰ ਆਪਣੀਆਂ ਹਕੂਮਤਾਂ ਲਈ ਖਤਰਾ ਸਮਝਦੇ ਸਨ।

ਇਨ੍ਹਾਂ ਯੁੱਧਾਂ ‘ਚੋ ਇਹ ਗੱਲ *ਸਪਸ਼ਟ ਹੈ ਕਿ ਗੁਰੂ ਸਾਹਿਬ ਲਈ ਸਿਧਾਂਤ ਅਤੇ ਅਭਿਆਸ ਵਿੱਚ ਕੋਈ ਅੰਤਰ ਨਹੀਂ ਸੀ। ਚਮਕੌਰ ਦੀ ਕੱਚੀ ਗੜ੍ਹੀ ਵਿੱਚ ਕੇਵਲ ਚਾਲੀ ਸਿੰਘਾਂ ਨਾਲ ਬੇਸ਼ੁਮਾਰ ਗਿਣਤੀ ਵਿੱਚ ਆਏ ਹਮਲਾਵਰਾਂ ਦਾ ਟਾਕਰਾ ਕਰਨਾ ਨਾ ਕੇਵਲ ਬੇਮਿਸਾਲ ਬਹਾਦਰੀ, ਦਲੇਰੀ ਅਤੇ ਨਿਰਭੈਤਾ ਦੀ ਇੱਕ ਬੇਜੋੜ ਉਦਾਹਰਣ ਹੈ, ਸਗੋਂ ਇਹ ਉਨ੍ਹਾਂ ਦੁਆਰਾ ਸਿਧਾਂਤ ਅਤੇ ਅਭਿਆਸ ਨੂੰ ਇੱਕ ਮੰਨਣ ਦਾ ਇੱਕ ਰੋਸ਼ਨ ਦ੍ਰਿਸਟਾਂਤ ਵੀ ਹੈ।

ਸੰਸਾਰ ਦੇ ਇਤਿਹਾਸ ਅਤੇ ਮਿਥਿਹਾਸ ਵਿੱਚ ਕਿਤੇ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿਥੇ ਕਿਸੇ ਨੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀ ਹਥਿਆਰ ਦੇ ਕੇ ਵਿਸ਼ਾਲ ਫ਼ੌਜ ਨਾਲ ਲੜਨ ਭੇਜਿਆ ਹੋਵੇ ਜਦੋਂ ਇਹ ਪਤਾ ਹੋਵੇ ਕਿ ਯੁੱਧ ਵਿੱਚ ਸ਼ਹੀਦੀ ਪਾਉਣਾ ਯਕੀਨੀ ਹੈ।

Related posts

ਜਨਮ ਦਿਵਸ ਭਗਤ ਧੰਨਾ ਜੀ

INP1012

ਰਾਸ਼ਟਰਪਤੀ ਜ਼ੈਲੇਂਸਕੀ ਨੇ ਮੰਗ ਕੀਤੀ ਹੈ ਕਿ ਰੂਸ ਦੀ “ਜਵਾਬਦੇਹੀ” ਤਲਬ ਹੋਣੀ ਚਾਹੀਦੀ ਹੈ।

INP1012

ਉਹ ਕਾਲਾ ਦਿਨ ਆ ਗਿਆ ਜਦੋਂ ਅੰਗਰੇਜ਼ਾਂ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਰਾਜ ਦਾ ਅੰਤ ਹੋ ਗਿਆ

INP1012

Leave a Comment