Artical Social Story ਧਾਰਮਿਕ

ਕ੍ਰਾਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼ ਅਵਤਾਰ ਸਿੰਘ ਮਿਸ਼ਨਰੀ (5104325827)

ਕ੍ਰਾਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼
ਅਵਤਾਰ ਸਿੰਘ ਮਿਸ਼ਨਰੀ (5104325827)
ਨੋਟ-ਸ਼ਬਦ ਗੁਰੂ ਗ੍ਰੰਥ ਸਾਹਿਬ ਵਿਖੇ ਆਏ ਬਾਣੀਕਾਰ ਸਭ ਬਰਾਬਰ ਸਤਿਕਾਯੋਗ ਹਨ। ਕੋਈ ਅਗਿਆਨੀ, ਜਾਤਪਾਤੀ, ਧਾਰਮਿਕ ਤੇ ਰਾਜਨੀਤਕ ਕੱਟੜਵਾਦੀ ਗੁਰੂ ਤੇ ਭਗਤ ਵਾਲਾ ਵਿਤਕਰਾ ਖੜਾ ਨਾ ਕਰੇ।
12-13ਵੀਂ ਸਦੀ ਵੇਲੇ ਦਾ ਭਾਰਤੀ ਸਮਾਜ ਧਾਰਮਿਕ ਕੱਟੜਵਾਦ, ਪਾਖੰਡੀ ਪੁਜਾਰੀਵਾਦ ਅਤੇ ਜਾਤੀ ਊਚ-ਨੀਚ ਜਿਹੀ ਗੰਭੀਰ ਬੀਮਾਰੀ ਵਿਚ ਜਕੜਿਆ ਹੋਇਆ ਸੀ, ਜਿਥੇ ਦਲਿਤ ਲੋਕਾਂ ਨੂੰ ਨਾ ਤਾਂ ਪ੍ਰਭੂ ਦੀ ਭਗਤੀ ਕਰਨ ਦੀ ਤੇ ਨਾ ਮੰਦਿਰ ਵਿਚ ਜਾਣ ਦੀ ਆਗਿਆ ਸੀ। ਐਸੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਵਿਸ਼ੇਸ਼ ਜ਼ਰੂਰਤ ਸੀ ਕਿਸੇ ਐਸੇ ਮਹਾਪੁਰਖ ਦੀ ਜੋ ਇਸ ਗੰਦਲ ਚੁੱਕੇ ਸਮਾਜਿਕ ਸਿਸਟਮ ਵਿਰੁੱਧ ਬੁਲੰਦ ਭਰੀ ਬੇਖੌਫ ਆਵਾਜ਼ ਨਾਲ ਸੱਚ ਅਤੇ ਸਮੁੱਚੀ ਮਨੁੱਖਤਾ ਦੀ ਬਰਾਬਰੀ ਦਾ ਹੋਕਾ ਦੇ ਸਕੇ। ਅਜਿਹੇ ਹਾਲਾਤ ਸਮੇਂ ਇਥੇ ਭਗਤੀ ਲਹਿਰ ਦਾ ਆਗਮਨ ਹੋਣਾ ਇਕ ਬਹੁਤ ਵੱਡਾ ਕ੍ਰਿਸ਼ਮਾ ਅਤੇ ਭਾਰਤੀ ਸਮਾਜ ਵਿਚ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਪੁਰਖਾਂ ਵਿਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਹੋਰਾਂ ਦਾ ਯੋਗਦਾਨ ਨਾ ਭੁੱਲਣਯੋਗ ਹੈ।
ਭਗਤ ਕਬੀਰ ਜੀ ਭਾਰਤ ਦੀ ਭਗਤੀ ਪਰੰਪਰਾ ਦੇ ਉੱਘੇ ਕ੍ਰਾਂਤੀਕਾਰੀ ਭਗਤ ਪ੍ਰਚਾਰਕ ਤੇ ਸੁਧਾਰਕ ਹੋਏ ਹਨ ਜਿਨ੍ਹਾਂ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ। ਰੱਬ ਦਾ ਸੰਦੇਸ਼ ਲੋਕਾਂ ਤੱਕ ਲਿਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਇਨ੍ਹਾਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ ਉਹ ਮੌਜੂਦਾ ਸਮੇਂ ਵਿਚ ਵੀ ਲੋਕ-ਮਨਾਂ ‘ਤੇ ਅਸਰਦਾਰ ਸਾਬਿਤ ਹੋ ਰਹੀ ਹੈ। ਇਸ ਬਾਣੀ ਵਿਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ “ਸ਼ਬਦ ਗੁਰੂ ਗ੍ਰੰਥ ਸਾਹਿਬ” ‘ਚ ਦਰਜ ਹਨ। ਸਲੋਕਾਂ ਵਿਚੋਂ 6 ਸਲੋਕ ਗੁਰੂ ਸਾਹਿਬਾਨ ਦੁਆਰਾ ਭਗਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗਏ। ਗੁਰੂ ਅਮਰਦਾਸ ਜੀ ਦਾ ਇਕ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ ਭਗਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਉਦਾਸੀਆਂ ਦੌਰਾਨ ਇਕੱਤਰ ਕੀਤੀ ਮੰਨਿਆ ਜਾਂਦਾ ਹੈ।
ਭਗਤ ਕਬੀਰ ਜੀ (1398-1518) ਗੁਰੂ ਨਾਨਕ ਸਾਹਿਬ (1469-1539) ਦੇ ਸਮਕਾਲੀ ਮੰਨੇ ਜਾਂਦੇ ਹਨ। ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ ਜਿਥੇ ਜਾਤ-ਪਾਤ ਦਾ ਬਹੁਤ ਖ਼ਿਆਲ ਕੀਤਾ ਜਾਂਦਾ ਸੀ। ਨੀਵੀਂ ਜਾਤ ਵਿਚ ਪੈਦਾ ਹੋਣ ਵਾਲੇ ਨੂੰ ਹੀਨ-ਭਾਵਨਾ ਅਧੀਨ ਦੇਖਿਆ ਜਾਂਦਾ ਸੀ। ਸਮਾਜਿਕ ਰੁਤਬੇ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਉੱਚ-ਸ਼੍ਰੇਣੀਆਂ ਅਧੀਨ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਸ਼ੂਦਰ ਸਮਝੀਆਂ ਜਾਣ ਵਾਲੀਆਂ ਸਮੂਹ ਜਾਤਾਂ ਨੂੰ ਧਾਰਮਿਕ ਅਸਥਾਨਾਂ ਵਿਚ ਪ੍ਰਵੇਸ਼ ਕਰਨ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੀ ਸਖ਼ਤ ਮਨਾਹੀ ਸੀ। ਇਥੋਂ ਤੱਕ ਕਿ ਉਨ੍ਹਾਂ ਦੇ ਪਾਣੀ ਪੀਣ ਵਾਲੇ ਖੂਹ ਵੀ ਵੱਖੋ-ਵੱਖਰੇ ਸਨ। ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ‘ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ। ਇਸ ਕਰ ਕੇ ਇਹ ਆਪਣੀ ਜਾਤ ਜੁਲਾਹਾ ਦੱਸਦੇ ਹਨ-ਜਾਤਿ ਜੁਲਾਹਾ ਮਤਿ ਕਾ ਧੀਰੁ॥ (328) ਪਰ ਨਾਲ ਹੀ ਭਗਤ ਜੀ ਲੋਕਾਈ ਦਾ ਮਾਰਗ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਨੀਵੀਂ ਜਾਤ ‘ਚ ਜਨਮ ਲੈਣ ਵਾਲਾ ਵਿਅਕਤੀ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਉੱਚਾ ਹੋ ਜਾਂਦਾ ਹੈ।
ਕਬੀਰ ਜੀ ਦੱਸਦੇ ਹਨ ਕਿ ਮਨੁੱਖ ਦਾ ਜਨਮ ਭਾਵੇਂ ਕਿਸੇ ਵੀ ਜਾਤ ਵਿਚ ਹੋਇਆ ਹੋਵੇ ਪਰ ਪ੍ਰਭੂ ਦੀ ਬਖ਼ਸ਼ਿਸ਼ ਕਾਰਨ ਉਹ ਸਮੂਹ ਦੁਨਿਆਵੀ ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ-ਓਛੀ ਮਤਿ ਮੇਰੀ ਜਾਤਿ ਜੁਲਾਹਾ॥ਹਰਿ ਕਾ ਨਾਮੁ ਲਹਿਓ ਮੈ ਲਾਹਾ॥ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ॥ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥(ਸ਼ਬਦ ਗੁਰੂ) ਭਗਤ ਕਬੀਰ ਜੀ ਨੀਵੀਆਂ ਜਾਤਾਂ ਵਿਚ ਜਨਮ ਲੈਣ ਵਾਲਿਆਂ ਨੂੰ ਹੀ ਪ੍ਰਭੂ-ਭਗਤੀ ਕਰਨ ਲਈ ਪ੍ਰੇਰਨਾ ਪੈਦਾ ਨਹੀਂ ਕਰਦੇ ਬਲਕਿ ਉਹ ਉੱਚ-ਜਾਤਾਂ ‘ਚ ਜਨਮ ਲੈਣ ਵਾਲਿਆਂ ਨੂੰ ਵੀ ਪ੍ਰਭੂ-ਭਗਤੀ ਤੋਂ ਬਗ਼ੈਰ ਖੋਖਲਾ ਦੱਸਦੇ ਹਨ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦੀ ਥਾਂ ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਅਧਾਰ ਮੰਨਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਉਹ ਨੀਵੇਂ ਹਨ। ਤਤਕਾਲੀ ਸਮੇਂ ਦੀ ਸਰਬਉੱਚ ਮੰਨੀ ਜਾਂਦੀ ਸ਼੍ਰੇਣੀ ਬ੍ਰਾਹਮਣ ਵਰਗ ‘ਚ ਸ਼ਾਮਲ ਮਨੁੱਖਾਂ ਨੂੰ ਉਹ ਬਹੁਤ ਸਖ਼ਤ ਸ਼ਬਦਾਂ ਵਿਚ ਝੰਜੋੜਦੇ ਹਨ।
ਭਗਤ ਜੀ ਦਸਦੇ ਨੇ ਕਿ ਰੱਬ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦਾ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਬ੍ਰਾਹਮਣ ਜਾਤ-ਅਭਿਮਾਨੀਆਂ ਪ੍ਰਤੀ ਸਖ਼ਤ ਟਿੱਪਣੀਆਂ ਕਰਦੇ ਹੋਏ ਉਹ ਕਹਿੰਦੇ ਹਨ-ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥(ਸ਼ਬਦ ਗੁਰੂ) ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ, ਪਾਖੰਡਾਂ ਆਦਿ ਪ੍ਰਤੀ ਭਗਤ ਕਬੀਰ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਹਨ। ਉਨ੍ਹਾਂ ਦੇ ਸਮੇਂ ਬਨਾਰਸ ਹਿੰਦੂਆਂ ਦਾ ਪ੍ਰਮੁਖ ਤੀਰਥ ਅਸਥਾਨ ਸੀ ਅਤੇ ਆਮ ਲੋਕ ਬ੍ਰਾਹਮਣ ਦੀ ਪੂਜਾ-ਭੇਟਾ ਰਾਹੀਂ ਮੁਕਤੀ ਲਈ ਆਸਵੰਦ ਸਨ। ਲੋਕਾਈ ਦੀ ਭਲਾਈ ਵਾਲਾ ਮਾਰਗ ਧਾਰਨ ਕਰਨ ਕਰ ਕੇ ਬਹੁਤ ਸਾਰੀਆਂ ਉੱਚ ਜਾਤੀਆਂ ਵਾਲੇ ਲੋਕ ਭਗਤ ਜੀ ਦੇ ਸਖ਼ਤ ਵਿਰੋਧੀ ਹੋ ਗਏ ਸਨ। ਉਹਨਾਂ ਨੇ ਭਗਤ ਜੀ ਨੂੰ ਮਾਰਨ ਦਾ ਅਸਫ਼ਲ ਯਤਨ ਵੀ ਕੀਤਾ ਸੀ ਪਰ ਭਗਤ ਜੀ ਆਪਣੇ ਮਾਰਗ ਤੋਂ ਨਾ ਤਾਂ ਕਦੇ ਡੋਲੇ ਸਨ ਅਤੇ ਨਾ ਹੀ ਉਨ੍ਹਾਂ ਨੇ ਪ੍ਰਭੂ ਤੇ ਕੋਈ ਗਿਲਾ ਕੀਤਾ ਸੀ। ਰੱਬ ‘ਚ ਅਟੁੱਟ ਵਿਸ਼ਵਾਸ ਅਤੇ ਉਸ ਦੀ ਰਜ਼ਾ ‘ਚ ਜੀਵਨ ਬਸਰ ਕਰਨ ਦੀ ਚੇਸ਼ਟਾ ਪ੍ਰਗਟ ਕਰਦੇ ਆਪ ਆਖਦੇ ਹਨ-ਹਮ ਤੁਅ ਪਰਸਾਦਿ ਸੁਖੀ ਸਦ ਹੀ॥(ਕਬੀਰ)
ਪ੍ਰਭੂ ਰਜ਼ਾ ‘ਚ ਰਹਿੰਦੇ ਹੋਏ ਭਗਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕਾਰਜ ਅਰੰਭ ਕੀਤਾ ਸੀ। ਭੇਦਭਾਵ ਅਤੇ ਕਰਮਕਾਂਡ ਦਾ ਜਿਹੜਾ ਮੱਕੜਜਾਲ ਪ੍ਰੋਹਿਤ ਸ਼੍ਰੇਣੀ ਵੱਲੋਂ ਫੈਲਾਇਆ ਜਾ ਰਿਹਾ ਸੀ, ਭਗਤ ਜੀ ਨੇ ਉਸ ਨੂੰ ਤੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਬਨਾਰਸ ਦੀ ਪ੍ਰੋਹਿਤ ਸ਼੍ਰੇਣੀ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜਦੋਂ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਮਨੁੱਖ ਬਨਾਰਸ ਵਿਖੇ ਨਹੀਂ ਮਰਦਾ ਉਸ ਦੀ ਮੁਕਤੀ ਨਹੀਂ ਹੁੰਦੀ ਅਤੇ ਜਿਹੜਾ ਉਥੋਂ ਕੁੱਝ ਦੂਰੀ ‘ਤੇ ਸਥਿਤ ਨਗਰ ਮਗਹਰ ਵਿਚ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਨ ਵਿਚ ਪੈਂਦਾ ਹੈ। ਭਗਤ ਜੀ ਨੇ ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਲੋਕਾਈ ਨੂੰ ਇਸ ਭਰਮਜਾਲ ਵਿਚੋਂ ਸਦੀਵੀ ਤੌਰ ‘ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਏ ਕਿਉਂਕਿ ਉਹ ਸਮਝਦੇ ਸਨ ਕਿ ਸਮੁੱਚੀ ਧਰਤੀ ਕਰਤੇ ਨੇ ਪੈਦਾ ਕੀਤੀ ਹੈ-ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁਝਾਈ॥ਪਹਿਲੇ ਦਰਸਨੁ ਮਗਹਰ ਪਾਇਓ ਫੁਨਿ ਕਾਸੀ ਬਸੇ ਆਈ॥ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥(ਕਬੀਰ)
ਭਗਤ ਜੀ ਆਮ ਲੋਕਾਂ ਨੂੰ ਪ੍ਰਭੂ-ਮੁਖੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ‘ਤੇ ਜੋਰ ਦਿੰਦੇ ਹਨ ਜਿਸ ਵਿਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗੁਣ ਪੈਦਾ ਹੁੰਦੇ ਨੇ ਅਤੇ ਜਿਨ੍ਹਾਂ ਨੂੰ ਧਾਰਨ ਕਾਰਨ ਨਾਲ ਮਨ ਵਿਚੋਂ ਵਿਕਾਰਾਂ ਦਾ ਨਾਸ਼ ਹੁੰਦਾ ਹੈ। ਭਗਤ ਜੀ ਦੀ ਸਮੁੱਚੀ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਤੇ ਉਨ੍ਹਾਂ ਦੁਆਰਾ ਰਚੇ ਗਏ ਸਲੋਕ ਮਨ ‘ਤੇ ਗੰਭੀਰ ਅਸਰ ਪਾਉਂਦੇ ਹਨ।
ਭਗਤ ਜੀ ਦੀ ਬਾਣੀ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗ ਕੇ ਸਦਾਚਾਰੀ ਜੀਵਨਜਾਚ ਗ੍ਰਹਿਣ ਕਰਨ ‘ਤੇ ਜੋਰ ਦਿੰਦੀ ਹੈ। ਮਨੁੱਖ ਨੂੰ ਮਿੱਟੀ ਦਾ ਪੁਤਲਾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼ੁਭ ਕਾਰਜਾਂ ਰਾਹੀਂ ਪ੍ਰਗਟ ਹੁੰਦੀ ਹੈ ਜਿਸ ਵਿਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਅਤੇ ਮਨ ਦਵੈਤ ਵਿਚ ਭਟਕਣ ਦੀ ਬਜਾਏ ਅਦਵੈਤ ਨਾਲ ਇਕਸੁਰ ਹੋ ਜਾਂਦਾ ਹੈ।
ਕਬੀਰ ਜੀ ਦਾ ਭਾਰਤੀ ਮਾਨਸਿਕਤਾ ‘ਤੇ ਕਿੰਨਾ ਪ੍ਰਭਾਵ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਇਨ੍ਹਾਂ ਦੀ ਬਾਣੀ ਲੋਕ ਮੁਹਾਵਰੇ ਵਾਂਗ ਵਰਤੀ ਜਾਂਦੀ ਹੈ ਜਿਵੇਂ-ਭੂਖੇ ਭਗਤਿ ਨ ਕੀਜੈ॥ਯਹ ਮਾਲਾ ਅਪਨੀ ਲੀਜੈ॥(ਕਬੀਰ) ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥(ਕਬੀਰ) ਭਾਰਤ ਦੀ ਭਗਤੀ ਪਰੰਪਰਾ ਅਤੇ ਮੱਧਕਾਲੀ ਚਿੰਤਨ ਨਾਲ ਸੰਬੰਧਿਤ ਕੋਈ ਵੀ ਕਾਰਜ ਭਗਤ ਕਬੀਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸਮਝੇ ਬਗ਼ੈਰ ਅਧੂਰਾ ਹੈ। ਭਾਰਤ ਦੀ ਪ੍ਰਚਾਰਕ ਸ਼੍ਰੇਣੀ, ਅਕਾਦਮਿਕ ਕਾਰਜਾਂ ਵਿੱਚ ਰੁਚੀ ਰੱਖਣ ਵਾਲੇ ਵਿਦਵਾਨ ਅਤੇ ਆਮ ਲੋਕ ਭਗਤ ਜੀ ਦੀ ਬਾਣੀ ਅਤੇ ਕਾਰਜਾਂ ਦੀ ਆਮ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।
ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ, ਗੁਰੂਆਂ ਤੇ ਸਿੱਖਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸਖ਼ਸੀਅਤਾਂ ਵਿਚੋਂ ਇਕ ਹਨ। ਭਗਤ ਕਬੀਰ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਤੋਂ 71 ਸਾਲ ਪੂਰਵ ਮੰਨਿਆਂ ਜਾਂਦਾ ਹੈ।
“ਕਬੀਰ” ਦਾ ਅਰਬੀ ਭਾਸ਼ਾ ‘ਚ ਸ਼ਾਬਦਿਕ ਅਰਥ ਵੱਡਾ ਜਾਂ ਮਹਾਨ’ ਅਤੇ ਦਾਸ ਸ਼ਬਦ ਦਾ ਸੰਸਕ੍ਰਿਤ ਭਾਸ਼ਾ ਵਿਚ ਅਰਥ ‘ਸੇਵਕ’ ਹੈ। ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤ੍ਰ ਗ੍ਰੰਥ “ਸ਼ਬਦ ਗੁਰੂ ਗ੍ਰੰਥ ਸਾਹਿਬ” ਵਿਚ ਦਰਜ ਹੈ। ਉਨ੍ਹਾਂ ਦੀ ਬਾਣੀ ਨੂੰ ਇਕ ਖ਼ਾਸ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ 17 ਰਾਗਾਂ ਵਿਚ 227 ਪਦਾਂ ਦੀ ਰਚਨਾ ਕੀਤੀ ਅਤੇ 237 ਸਲੋਕ ਵੀ ਉਨ੍ਹਾਂ ਦੀ ਬਾਣੀ ‘ਚ ਦਰਜ ਹਨ। ਸੱਚੇ ਹਿੰਦੂ ਤੇ ਮੁਸਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਾਨਤਾ ਦਿੰਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਨੇ ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਤੇ ਨਾ ਹੀ ਮੁਸ਼ਲਮਾਨ, ਨਾ ਹੀ ਸੂਫ਼ੀ ਜਾਂ ਭਗਤ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ‘ਚ ਰੱਖਦੇ ਹਨ ਕਿ ਸਾਰੇ ਬੰਦੇ ਇਕ ਹਨ-ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ (ਕਬੀਰ)
ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹੇ ਸ਼ਬਦਾਂ ‘ਚ ਖੰਡਨ ਕੀਤਾ ਤੇ ਭਾਰਤ ਦੀ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਾਹਰੀ ਥੋਥੇ ਕਰਮ ਕਾਂਡਾਂ ’ਚੋਂ ਨਿਕਲ ਕੇ ਜੀਵ ਨੂੰ ਪ੍ਰਭੂ ਦੀ ਭਗਤੀ ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ। ਉਹ ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ ਵਲ ਪ੍ਰੇਰਦੇ ਹਨ। ਕਬੀਰ ਜੀ ਨੂੰ ਮਰਨ ਦਾ ਕੋਈ ਵੀ ਭੈਅ ਨਹੀਂ ਸਤਾਉਂਦਾ-ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨੁ ਅਨੰਦ॥ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦੁ॥ (ਕਬੀਰ) ਕਬੀਰ ਮੋਹਿ ਮਰਨੇ ਕਾ ਚਉ ਹੈ ਮਰਉ ਤ ਹਰਿ ਕੇ ਦੁਆਰ॥ਮਤਿ ਹਰਿ ਪੂਛੇ ਕਉਨ ਹੈ ਪਰਾ ਹਮਾਰੇ ਬਾਰ॥(ਕਬੀਰ)
ਅੱਗੇ ਕਬੀਰ ਜੀ ਜਨਮ ਤੇ ਮਰਨ ਵਿਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਜਾਂਦੇ ਹਨ-ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥(ਕਬੀਰ)
ਕਬੀਰ ਜੀ ਆਪਣੀ ਰਚਨਾ ‘ਚ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਜੋ ਕੁਝ ਵੀ ਇਸ ਦੁਨੀਆਂ ਤੇ ਹੁੰਦੈ ਉਹ ਕਰਤੇ ਦੀ ਰਜ਼ਾ ‘ਚ ਹੀ ਹੁੰਦਾ ਹੈ। ਉਹ ਲਿਖਦੇ ਹਨ-ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰ॥ਤਿਸ ਬਿਨੁ ਦੂਸਰ ਕੋ ਨਹੀ ਏਕੈ ਸਿਰਜਨ ਹਾਰੁ॥(ਕਬੀਰ)
ਉਹ ਆਪਣੀ ਰਚਨਾ ’ਚ ਇਹ ਹੀ ਫੁਰਮਾਂਦੇ ਹਨ ਕਿ-ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪਨੇ ਗ੍ਰਹਿ ਜਾਇ॥ਰੋਵਤ ਸਾਕਤ ਬਪੁਰੇ ਜੋ ਹਾਟੈ ਹਾਟੈ ਬਿਕਾਇ॥(ਕਬੀਰ)
ਕਬੀਰ ਜੀ ਜਿਥੇ ਪ੍ਰਭੂ ਭਗਤੀ ‘ਚ ਲੀਨ ਰਹਿੰਦੇ ਸਨ ਉਥੇ ਆਪਣਾ ਗ੍ਰਹਿਸਤੀ ਜੀਵਨ ਵੀ ਆਪਣੇ ਪਿਤਾ ਪੁਰਖੀ ਧੰਦੇ ਕੱਪੜਾ ਬੁਣਨਾ (ਜੁਲਾਹਾ) ਕੰਮ ਨਾਲ ਜੀਵਨ ਬਸਰ ਕਰਦੇ ਅਤੇ ਪ੍ਰਭੂ ਭਗਤੀ ‘ਚ ਉਹ ਐਨੇ ਰੰਗੇ ਰਹਿੰਦੇ ਕਿ ਰੱਬ ਨੂੰ ਆਪਣੇ ਅੰਗ-ਸੰਗ ਹੀ ਜਾਣਦੇ ਸਨ ਜਿਵੇਂ ਕਿ ਉਨ੍ਹਾਂ ਦੀ ਬਾਣੀ ਹੈ-ਕਬੀਰ ਜਾਤਿ ਜੁਲਾਹਾ ਕਿਆ ਕਰੈ, ਹਿਰਦੇ ਬਸੇ ਗੁਪਾਲ॥ ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥(ਕਬੀਰ)
ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ‘ਚ ਫੁਰਮਾਇਆ ਹੈ-ਬੁਨਨਾ ਤਨਨਾ ਤਿਆਗਿ ਕੈ, ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ ਜੋਲਾਹਰਾ, ਭਇਓ ਗੁਨੀਯ ਗਹੀਰਾ॥(ਕਬੀਰ)
ਕਬੀਰ ਸਾਹਿਬ ਦੀ ਬਾਣੀ ਨੂੰ ਗਹੁ ਨਾਲ ਵਾਚਣ ‘ਤੇ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਉਹ ਇਕ ਮਹਾਨ ਪ੍ਰਭੂ ਭਗਤ, ਬਾਣੀਕਾਰ ਤਾਂ ਸਨ ਹੀ ਪਰ ਨਾਲ ਹੀ ਇਕ ਬਹੁਤ ਵੱਡੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ। ਉਹ ਜਬਰ ਜ਼ੁਲਮ ਤੇ ਬ੍ਰਾਹਮਣਵਾਦ, ਪਾਖੰਡਵਾਦ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਦਾ ਜਜ਼ਬਾ ਵੀ ਸਾਨੂੰ ਪ੍ਰਦਾਨ ਕਰਦੇ ਹਨ ਜਿਸ ਨਾਲ ਉਸ ਵੇਲੇ ਦੇ ਨੀਵੀਂ ਜਾਤੀ ਅਖਵਾਉਣ ਵਾਲੇ ਲੋਕਾਂ ‘ਚ ਇਕ ਆਤਮਵਿਸ਼ਵਾਸ ਪੈਦਾ ਹੋਇਆ। ਇੱਥੇ ਇਹ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਤੇ ਨਾਰੀ ਜਾਤੀ ਦੇ ਹੱਕਾਂ ਦੀ ਰਾਖੀ ਲਈ ਉਸ ਵੇਲੇ ਦੇ ਜਰਵਾਨੇ ਹਾਕਮਾਂ, ਪਾਖੰਡੀ ਪੁਜਾਰੀਆਂ ਵਿਰੁੱਧ ਪੂਰੇ ਸੰਸਾਰ ਦਾ ਸਫਰ ਕਰਕੇ ਆਪਣੀ ਬਾਣੀ ਦਾ ਪ੍ਰਚਾਰ ਕੀਤਾ ਪਰ ਇਹ ਤੱਥ ਇਥੇ ਵਿਚਾਰਨਯੋਗ ਹੈ ਕਿ ਇਕ ਸ਼ੂਦਰ ਭਗਤ ਵਲੋਂ ਉੱਚੇ ਲੋਕਾਂ ਵਿਰੁੱਧ ਬੋਲਣ ਨੂੰ ਉਹ ਲੋਕ ਆਪਣੇ ਹੰਕਾਰੀ ਰੁਤਬੇ ਵਿਰੁੱਧ ਸਖਤ ਚੈਲੰਜ ਸਮਝਦੇ ਸਨ। ਕਬੀਰ ਜੀ ਦੀ ਇਸੇ ਹਿੰਮਤ ਨੇ ਸ਼ਾਂਤਮਈ ਇਨਕਲਾਬ ਦੀ ਪਹਿਲੀ ਨੀਂਹ ਰੱਖ ਦਿੱਤੀ ਸੀ। ਇਥੇ ਇਹ ਗੱਲ ਵੀ ਵਿਸ਼ੇਸ਼ ਸੋਚਣ ਯੋਗ ਹੈ ਕਿ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਹਥਿਆਰਬੰਦ ਇਨਕਲਾਬ ਦੀ ਨੀਂਹ ਰੱਖੀ, ਜਿਸ ਉਪਰੰਤ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਨ੍ਹਾਂ ਗਰੀਬ ਨੀਵੇਂ ਕਹੇ ਜਾਂਦੇ ਲੋਕਾਂ ਜਿਨ੍ਹਾਂ ਨੂੰ ਜੰਗੀ ਹਥਿਆਰ ਰੱਖਣ ਦੀ ਆਗਿਆ ਨਹੀਂ ਸੀ, ਉਨ੍ਹਾਂ ਨੂੰ ਜੰਗੀ ਬਸਤਰਾਂ-ਸ਼ਸਤਰਾਂ ਤੇ ਘੋੜ ਸਵਾਰੀਆਂ ਨਾਲ ਲੈਸ ਕਰ ਦਿੱਤਾ ਤੇ ਕਿਹਾ-ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਹੀਂ ਪਈ ਕਦਾਹੀਂ॥ਤਿਨਹੀ ਕੋ ਸਰਦਾਰ ਬਣਾਊਂ, ਤਬਹਿ ਗੋਬਿੰਦ ਸਿੰਘ ਨਾਮ ਕਹਾਊ॥ ਪਰ ਇਹ ਤੱਥ ਜ਼ਰੂਰ ਵਿਚਾਰਨਯੋਗ ਹੈ ਕਿ ਕਿਸੇ ਕਮਜ਼ੋਰ ਇਨਸਾਨ ਦੇ ਡਿੱਗ ਚੁੱਕੇ ਮਨੋਬਲ ਨੂੰ ਜੋ ਹੀਣਭਾਵਨਾ ਦਾ ਸ਼ਿਕਾਰ ਹੋਵੇ, ਉਸ ਨੂੰ ਉਸਾਰੂ ਵਿਚਾਰਾਂ ਰਾਹੀਂ ਅਜਿਹੇ ਜਜ਼ਬੇ ਨਾਲ ਭਰ ਦੇਣਾ ਕਿ ਉਹ ਜ਼ੁਲਮ ਵਿਰੁੱਧ ਹਥਿਆਰ ਚੁੱਕਣ ਦੀ ਹਿੰਮਤ ਕਰ ਸਕੇ, ਇਹ ਵੀ ਇਕ ਮਹੱਤਵਪੂਰਨ ਗੱਲ ਹੈ ਅਤੇ ਇਹੋ ਇਨਕਲਾਬੀ ਕਾਰਨਾਮਾ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਕੀਤਾ। ਵੇਖਿਆ ਜਾਵੇ ਤਾਂ ਪੁਰਾਤਨ ਅਤੇ ਅਜੋਕੇ ਸਮਾਜ ‘ਚ ਇਹ ਮਿਸਾਲਾਂ ਵੀ ਮਿਲਦੀਆਂ ਹਨ ਕਿ ਕੋਈ ਲੜਾਕੂ ਏਨਾ ਭੈਅ-ਭੀਤ ਅਤੇ ਹੀਣਭਾਵਨਾ ਗ੍ਰਸਤ ਹੋ ਗਿਆ ਕਿ ਉਹ ਹਥਿਆਰ ਹੱਥ ‘ਚ ਹੁੰਦਿਆਂ ਵੀ ਚੁੱਕਣ ਦੀ ਹਿੰਮਤ ਨਾ ਕਰ ਸਕਿਆ। ਕਬੀਰ ਜੀ ਦੀ ਬਾਣੀ ਜੋ ਸਭ ਤੋਂ ਵੱਡੀ ਉਨ੍ਹਾਂ ਦੀ ਹਿੰਮਤ ਬ੍ਰਾਹਮਣਵਾਦੀ ਸਿਸਟਮ ਵਿਰੁੱਧ ਬੋਲਣ ਦਾ ਜਜ਼ਬਾ ਦਰਸਾਉਂਦੀ ਹੈ ਕਿ-ਜੇ ਤੂੰ ਬ੍ਰਾਹਮਣ, ਬ੍ਰਹਮਣੀ ਜਾਇਆ॥ ਤਉਂ ਆਨ ਬਾਟ ਕਾਹੇ ਨਹੀ ਆਇਆ॥ਤੁਮ ਕਤਿ ਬ੍ਰਾਹਮਣ, ਹਮ ਕਤ ਸੂਦ॥ ਹਮ ਕਤ ਲੋਹੂ, ਤੁਮ ਕਤ ਦੂਧ॥(ਕਬੀਰ)
ਕਬੀਰ ਜੀ ਦੀ ਜੋ ਬਾਣੀ ਸਵੈ ਤਿਆਗ ਅਤੇ ਰਣ ਭੂਮੀ ‘ਚ ਜ਼ੁਲਮ ਵਿਰੁੱਧ ਜੂਝਦੇ ਹੋਏ ਕੁਰਬਾਨ ਹੋਣ ਦਾ ਜਜ਼ਬਾ ਭਰਦੀ ਹੈ ਅਤੇ ਰਣ ਭੂਮੀ ‘ਚ ਜੂਝਣ ਵਾਲੀ ਬਾਣੀ ਇੰਝ ਹੈ-ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ॥(ਕਬੀਰ)
ਸੋ ਉਪ੍ਰੋਕਤ ਵਰਣਨ ਕੀਤੇ ਤੱਥਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਭਗਤ ਕਬੀਰ ਜੀ ਸੱਚੀ ਪ੍ਰਭੂ ਭਗਤੀ, ਸਮਾਜ ਸੁਧਾਰਕ ਭਾਵਨਾ, ਸ਼ਾਂਤਮਈ ਕ੍ਰਾਂਤੀ ਤੇ ਤਰਕਸ਼ੀਲਤਾ ਭਰੀ ਬਾਣੀ ਉਚਾਰਨ ਵਾਲੇ ਪਹਿਲੇ ਭਗਤ ਹੋਏ ਹਨ। ਇਸ ਲਈ ਅੱਜ ਲੋੜ ਹੈ ਕਿ ਜੋ ਸਾਡੇ ਸ਼ਰਧਾਲੂ ਭੈਣ-ਭਰਾ “ਸ਼ਬਦ ਗੁਰੂ ਗ੍ਰੰਥ ਸਾਹਿਬ” ਨੂੰ ਨਤਮਸਤਕ ਹੁੰਦੇ ਨੇ ਉਹ ਇਹ ਜ਼ਰੂਰ ਸੋਚਣ ਕਿ ਭਗਤ ਕਬੀਰ ਜੀ ਦੀ ਬਾਣੀ ਨੂੰ ਗੁਰੂ ਸਾਹਿਬਾਨ ਨੇ ਜੇ ਅਦਰ ਸਹਿਤ “ਸ਼ਬਦ ਗੁਰੂ ਗ੍ਰੰਥ ਸਾਹਿਬ” ‘ਚ ਦਰਜ ਕੀਤੈ ਤਾਂ ਸਮੁੱਚੀ ਲੋਕਾਈ ਆਪਣੇ ਮਨਾਂ ‘ਚੋਂ ਵੱਡੇ-ਛੋਟੇ ਹੋਣ ਦਾ ਫਰਕ ਮਿਟਾ ਕੇ ਕਬੀਰ ਜੀ ਦੀ ਬਾਣੀ ‘ਤੇ ਅਮਲ ਕਰਨ ਦੀ ਜ਼ਰੂਰ ਖੇਚਲ ਕਰੇ ਜਿਸ ਦੀ ਅਜੋਕੇ ਹਾਲਾਤਾਂ ‘ਚ ਸਖਤ ਲੋੜ ਹੈ।
ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਸਿਧਾਂਤ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਇਹ ਖੰਡਨ ਮੰਡਨ ਵਿੱਚ ਬਹੁਤ ਨਿਪੁਨ ਹੋ ਗਏ। ਬਹੁਤ ਚਿਰ ਰਾਮਾਨੰਦ ਵਰਗੇ ਪੂਰਨ ਗ੍ਯਾਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨ ਨੂੰ ਪ੍ਰਾਪਤ ਹੋਏ।
ਸਿਕੰਦਰ ਲੋਦੀ ਸੰਮਤ ੧੫੪੭ (੧੪੯੮ਈ:) ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂ ਦੇ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ-ਭੁਜਾ ਬਾਂਧਿ ਭਿਲਾ ਕਰਿ ਡਾਰਿਓ॥(ਗੌਂਡ) ਵਿੱਚ ਕੀਤੈ ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਤੇ ਤੱਤ ਗਿਆਨ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।ਕਬੀਰ ਜੀ ਆਪਣਾ ਇਹ ਬਚਨ ਸਿੱਧ ਕਰਨ ਲਈ ਕਿ-ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ। ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਹੈ ਜਾ ਰਹੇ। ਸੰਮਤ ੧੫੭੫ (੧੫੧੮ਈ:) ਵਿੱਚ ਇਸ ਸੰਸਾਰ ਤੋਂ ਕੂਚ ਕਰ ਗਏ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ “ਕਬੀਰ ਚੌਰਾ” ਨਾਂ ਤੋਂ ਪ੍ਰਸਿੱਧ ਅਤੇ ਲਹਿਰ ਤਲਾਉ ਤੇ ਭੀ ਆਪ ਦਾ ਅਸਥਾਨ ਹੈ।
“ਸ਼ਬਦ ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਬਾਣੀ ‘ਚ ਜਿਕਰ ਹੈ ਕਿ-ਗਉੜੀ ਕਬੀਰ ਜੀ ਪੰਚਪਦੇ॥ ਜਿਉ ਜਲ ਛੋਡਿ ਬਾਹਰਿ ਭਇਓ ਮੀਨਾ॥ ਪੂਰਬ ਜਨਮ ਹਉ ਤਪ ਕਾ ਹੀਨਾ॥੧॥ ਅਬ ਕਹੁ ਰਾਮ ਕਵਨ ਗਤਿ ਮੋਰੀ ॥ ਤਜੀ ਲੇ ਬਨਾਰਸ ਮਤਿ ਭਈ ਥੋਰੀ॥੧॥ਰਹਾਉ॥ ਸਗਲ ਜਨਮੁ ਸਿਵ ਪੁਰੀ ਗਵਾਇਆ॥ ਮਰਤੀ ਬਾਰ ਮਗਹਰਿ ਉਠਿ ਆਇਆ॥੨॥ ਬਹੁਤੁ ਬਰਸ ਤਪੁ ਕੀਆ ਕਾਸੀ॥ ਮਰਨੁ ਭਇਆ ਮਗਹਰ ਕੀ ਬਾਸੀ॥੩॥ ਕਾਸੀ ਮਗਹਰ ਸਮ ਬੀਚਾਰੀ॥ ਓਛੀ ਭਗਤਿ ਕੈਸੇ ਉਤਰਸਿ ਪਾਰੀ॥੪॥ ਕਹੁ ਗੁਰ ਗਜ ਸਿਵ ਸਭੁ ਕੋ ਜਾਨੈ॥ ਮੁਆ ਕਬੀਰੁ ਰਮਤ ਸ੍ਰੀ ਰਾਮੈ॥੫॥੧੫॥(326)
ਡਾ. ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਉਹ ਬਹੁਤ ਨਿਮਰਤਾ ਵਿੱਚ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ਸਨ-ਮੇਰਾ ਮੁਝ ਮਹਿ ਕਿਛੁ ਨਹੀਂ ਜੋ ਕਿਛੁ ਜੋ ਤੇਰਾ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥(ਸ਼ਭਦ ਗੁਰੂ)
ਕਬੀਰ ਫਿਲਾਸਫੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਦੀ ਬਾਣੀ “ਸ਼ਬਦ ਗੁਰੂ ਗ੍ਰੰਥ ਸਾਹਿਬ” ਵਿੱਚ ਦਰਜ ਹੈ। ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ਵਿਚ ਕੁੱਲ 225 ਸ਼ਬਦ, 3 ਅਸਟਪਦੀਆਂ,1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠੇ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ। ਗੁਰਮਤਿ ਨਾਲ ਏਨਾ ਜ਼ਿਆਦਾ ਮੇਲ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਜਾਂ ਭਗਤ ਕਬੀਰ ਹਨ ਜਿਵੇਂ-ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ, ਅਬ ਜੂਝਨ ਕੋ ਦਾਉ॥ (ਕਬੀਰ ਜੀ/1105) ਅਤੇ ਗੁਰੂ ਨਾਨਕ ਸਾਹਿਬ ਜੀ ਫੁਰਮਾ ਰਹੇ ਹਨ-ਜਉ ਤਉ, ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥(ਮ: 1/1412) ਇਸ ਲਈ ਆਮ ਗ੍ਰੰਥੀ, ਪ੍ਰਚਾਕ ਤੇ ਪ੍ਰਬੰਧਕ ਵੀ ਇਹ ਟਪਲਾ ਖਾ ਜਾਂਦੇ ਨੇ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਾਂ ਭਗਤ ਕਬੀਰ ਜੀ ਦਾ?
ਕਬੀਰ ਜੀ ਨੇ ਪਖੰਡੀ ਪੁਜਾਰੀ ਵਰਗ ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਭੇਖ ‘ਚ ਆਪਣੇ ਲੋਭ-ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ਵਿਚ ਪਾ ਗੁਮਰਾਹ ਕਰਦੇ ਨੇ ਦਾ ਕਰੜਾ ਵਿਰੋਧ ਕੀਤਾ। ਆਪ ਫੁਰਮਾਂਦੇ ਨੇ ਕਿ ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝ ਲਿਆ ਹੈ ਕਿ-ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ (ਕਬੀਰ-1158)
ਕਬੀਰ ਜੀ ਆਖਦੇ ਨੇ ਕਿ ਸਾਰਿਆਂ ਜੀਵਾਂ ਦੀ ਉਤਪਤੀ ਰਾਮ ਦੀ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿਵੇਂ ਹੋ ਸਕਦਾ ਹੈ? ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਨੇ ਕੀ ਜਦ ਅਸੀਂ ਦੋਨੋ ਹੀ ਮਾਂ ਦੇ ਪੇਟ ਚੋਂ ਪੈਦਾ ਹੋਏ ਹਾਂ ਫਿਰ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ? ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ? ਆਖਦੇ ਨੇ ਕਿ ਬ੍ਰਾਹਮਣ ਉਹੀ ਹੈ ਜੋ ਬ੍ਰਹਮ ਵਿਚਾਰਦਾ ਤੇ ਧਾਰਦਾ ਹੈ-ਗਰਭ ਵਾਸ ਮਹਿ, ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ, ਸਭ ਉਤਪਾਤੀ॥ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥ ਸੋ ਬ੍ਰਾਹਮਣੁ, ਕਹੀਅਤੁ ਹੈ ਹਮਾਰੈ॥4॥ (ਭਗਤ ਕਬੀਰ/੩੨੪)
ਬਰਾਬਰਤਾ ਦਾ ਉਪਦੇਸ਼-ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥(੧੩੫੦) ਉੱਥੇ ਉਹ ਆਮ ਜੀਵਾਂ ਵਿੱਚ ਵੀ ਉਹੀ ਰੱਬ ਦੇਖਦੇ ਹਨ ਜੋ ਕਿ ਇੱਕ ਆਮ ਇਨਸਾਨ ਅੰਦਰ-ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥ ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥੧॥ ਮੁਲਾਂ ਕਹਹੁ ਨਿਆਉ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥੧॥(੧੩੫੦)
ਮਨੁੱਖ ਨੂੰ ਜੀਵਣ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਸੱਚੀ ਸਿਧਾਂਤਕ ਭਗਤੀ ਵੱਲ ਪ੍ਰੇਰਦੇ ਫ਼ੁਰਮਾਉਂਦੇ ਨੇ ਕਿ ਜੋ ਵਿਕਾਰ ਛੱਡਣ ਅਤੇ ਮੌਤ ਤੋਂ ਡਰਦੇ ਨੇ ਨਾਮ ਜਪਣ ਕਰਕੇ ਉਹੀ ਵਿਕਾਰਾਂ ਤੋ ਮੁਕਤ ਹੋ ਅਸਲ ਮੁਕਤੀ ਪ੍ਰਾਪਤ ਕਰ ਲੈਂਦੇ ਹਨ-ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥(ਕਬੀਰ-1365)
ਆਪ ਜੀ ਦੇ ਬਚਨ ਹਨ ਕਿ ਅਗਰ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਨਾਮ ਤੋਂ ਬਿਨਾਂ ਜੋ ਕੇਵਲ ਤੀਰਥ ਇਸ਼ਨਾਨਾ ਵਿਚ ਸਮਾ ਬਰਬਾਦ ਕਰਦੇ ਹਨ, ਸਦਾ ਜੂਨਾਂ ਵਿਚ ਪਏ ਰਹਿੰਦੇ ਹਨ-ਜਲ ਕੈ ਮਜਨਿ ਜੇ ਗਤਿ ਹੋਵੈ, ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ॥(ਕਬੀਰ ਜੀ-484)
ਕਰਮਕਾਂਡਾਂ ਦੀ ਜਨਮ ਦਾਤੀ ਮਨੂੰ ਸਿੰਮ੍ਰਿਤੀ ਤੋਂ ਸੁਚੇਤ ਕਰਦੇ ਹਨ ਕਿ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ-ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥(ਕਬੀਰ ਜੀ-329) ਲੋਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਕਰਦੇ ਹਨ ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜਾਦ ਨਹੀਂ ਹੋਏ-ਦੁਨੀਆ ਹੁਸੀਆਰ ਬੇਦਾਰ, ਜਾਗਤ ਮੁਸੀਅਤ ਹਉ ਰੇ ਭਾਈ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ॥(ਕਬੀਰ ਜੀ-972)
ਕਬੀਰ ਸਾਹਿਬ ਜਦ ਸੁਰਗ ਨਰਕ ਦੀ ਗੱਲ ਕਰਦੇ ਹਨ ਤਾਂ ਆਖਦੇ ਹਨ ਕਿ ਮੈ ਅਪਣੇ ਸਤਿਗੁਰੂ ਦੀ ਕ੍ਰਿਪਾ ਸਦਕਾ ਸੁਰਗ ਦੀ ਲਾਲਸਾ ਅਤੇ ਨਰਕ ਦਾ ਡਰ ਤੋਂ ਬਚ ਗਿਆ ਹਾਂ-ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥੧੨੦॥(੧੩੭੦) ਮਤਲਬ ਕਿ ਸਿੱਖ ਦੇ ਮਨ ਅੰਦਰ ਵੀ ਸਵਰਗ ਦੀ ਲਾਲਸਾ ਜਾਂ ਨਰਕ ਦਾ ਡਰ ਨਹੀਂ ਸਿਰਫ ਗੁਰੂ ਮਿਲਾਪ ਦੀ ਤਾਂਘ ਹੀ ਹੋਣੀ ਚਾਹੀਦੀ ਹੈ।
ਸਿਧਾਂਤਕ ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੁਲਾਣਿਆਂ ਤੋਂ ਸੁਚੇਤ ਕਰਦੇ ਆਖਦੇ ਨੇ ਕਿ ਮੈਂ ਜਿਉਂ ਜਿਉਂ ਗਿਆਂਨ ਰੂਪ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ-ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥(1159) ਸੋ ਇਸ ਤਰ੍ਹਾ ਭਗਤ ਜੀ ਨੇ ਵਿਚਲੇ ਪੁਜਾਰੀਵਾਦ ਨੂੰ ਰੱਦ ਕਿਰਦਿਆਂ ਸਿੱਧੇ ਅਕਾਲ ਪੁਰਖ ਨਾਲ ਜੋੜਨ ਦੀ ਗੱਲ ਕੀਤੀ ਹੈ।
ਭਗਤ ਕਬੀਰ ਦੇ ਆਗਮਨ ਵੇਲੇ ਭਾਰਤੀ ਸਮਾਜ ਵਿੱਚ ਕਰਮ ਕਾਂਡ, ਪਾਖੰਡ, ਅੰਧ-ਵਿਸ਼ਵਾਸ, ਊਚ-ਨੀਚ ਦੀ ਨਫ਼ਰਤ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖਾਂ ਦੇ ਜਨਮਦਾਤਾ ਮਨੂਵਾਦ ਦਾ ਬੋਲਬਾਲਾ ਸੀ। ਭਗਤ ਕਬੀਰ ਨੇ ਬੜੀ ਦਲੇਰੀ ਨਾਲ ਇਨ੍ਹਾਂ ਕਰਮ ਕਾਂਡਾ ਤੇ ਜਾਤ-ਪਾਤ ਦੇ ਵਿਤਕਰੇ ਨੂੰ ਲਲਕਾਰਿਆ ਵੀ ਤੇ ਪ੍ਰਭੂ ਭਗਤੀ ਦੇ ਸਹੀ ਮਾਰਗ ਦਾ ਪ੍ਰਚਾਰ ਵੀ ਕੀਤਾ। ਭਗਤੀ ਲਹਿਰ ਵਿੱਚ ਭਗਤ ਕਬੀਰ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਬਾਣੀ ਚੋਂ ਥੋਥੇ ਕਰਮਕਾਂਡਾਂ ਭਰਮ ਭੁਲੇਖਿਆ ਦੀਆਂ ਕੁਝ ਵੰਨਗੀਆਂ ਇਸ ਪ੍ਰਕਾਰ ਹਨ-
(ੳ) ਕਰਮ ਕਾਂਡਾਂ ਤੇ ਵਰਤ ਵਿਰੁੱਧ ਉਨ੍ਹਾਂ ਆਖਿਆ-ਛੋਡਿਹ ਅੰਨੁ ਕਰਹਿ ਪਾਖੰਡ॥ਨਾ ਸੋਹਾਗਨਿ ਨਾ ਓਹਿ ਰੰਡ॥ (ਅ) ਤੀਰਥ ਇਸ਼ਨਾਨਾਂ ਬਾਰੇ-ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ॥ (ੲ) ਮੂਰਤੀ-ਪੱਥਰ ਪੂਜਾ ਬਾਰੇ-ਕਬੀਰ ਠਾਕੁਰੁ ਪੂਜਹਿ ਮੋਲਿ ਲੇ,ਮਨਹਠਿ ਤੀਰਥ ਜਾਹਿ॥ ਦੇਖਾ ਦੇਖੀ ਸ੍ਵਾਂਗੁ ਧਰਿ,ਭੂਲੇ ਭਟਕਾ ਖਾਹਿ॥ (ਸ) ਧਾਰਮਿਕ ਭੇਖਾਂ ਬਾਰੇ-ਨਗਨ ਫਿਰਤ ਜੌ ਪਾਈਐ ਜੋਗੁ॥ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥(ਹ) ਪਿਤਰਾਂ ਬਾਰੇ-ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥(ਕਬੀਰ) (ਕ) ਸੁੰਨਤ ਸ਼ਰਾ ਬਾਰੇ-ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥੧॥ ਕਾਜੀ ਤੈ ਕਵਨ ਕਤੇਬ ਬਖਾਨੀ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ॥੧॥ ਰਹਾਉ॥ ਸਕਤਿਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥੨॥ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ॥ ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ॥੩॥ ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ॥ ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ॥੪॥੮॥(477)
ਆਪ ਜੀ ਨੇ ਜਾਤ ਪਾਤ ਦਾ ਖੰਡਨ ਕਰਦੇ ਹੋਏ ਬ੍ਰਾਹਮਣਵਾਦ ਲਈ ਕਰੜੇ ਸ਼ਬਦ ਵਰਤੇ-ਇਸ ਤੋਂ ਉਨ੍ਹਾਂ ਦੀ ਸਮਾਜ ਸੁਧਾਰਕ ਉੱਚ ਕੋਟਿ ਦੀ ਦਲੇਰਆਨਾ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪਤਾ ਲਗਦਾ ਹੈ ਕਿ-ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ਤਉ ਆਨ ਬਾਟ ਕਾਹੇ ਨਹੀ ਆਇਆ॥ ਭਾਵ ਸਾਰੇ ਜੀਵਾਂ ਦੀ ਉਤਪਤੀ ਪ੍ਰਮਾਤਮਾ ਦੇ ਅੰਸ਼ ਤੇ ਮਾਤਾ ਦੇ ਪੇਟ ’ਚੋਂ ਹੀ ਹੁੰਦੀ ਹੈ। ਉਦੋਂ ਉਸ ਦੀ ਕੋਈ ਜਾਤ ਨਹੀਂ ਹੁੰਦੀ। ਜੇ ਬ੍ਰਾਹਮਣ ਦੂਜੇ ਮਨੁੱਖਾਂ ਤੋਂ ਉੱਚਾ ਕਹਾਉਂਦਾ ਹੈ ਤਾਂ ਉਸ ਨੇ ਕਿਸੇ ਹੋਰ ਰਸਤੇ ਜਨਮ ਕਿਉਂ ਨਹੀਂ ਲਿਆ?
ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਉੂਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕਾਂ, ਥੋਥੇ ਅੰਧਵਿਸ਼ਵਾਸ਼ੀ ਕਰਮਕਾਂਡਾਂ ਅਤੇ ਮਨੁੱਖਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਉਲਝਿਆ ਪਿਐ ਉਸ ਦੇ ਸੁਧਾਰ ਲਈ ਅੱਜ ਸਾਨੂੰ ਇਹ ਵਿਚਾਰਨ ਦੀ ਸਖ਼ਤ ਲੋੜ ਹੈ ਕਿ ਅਜਿਹੀਆਂ ਕੁਰੀਤੀਆਂ ਵਿਰੁੱਧ ਭਗਤ ਕਬੀਰ ਨੇ 622 ਸਾਲ ਪਹਿਲਾਂ ਹੀ ਬਾਣੀ ਰਾਹੀਂ ਦੱਸ ਦਿੱਤਾ ਸੀ ਜਿਸ ਨੂੰ ਅੱਜ ਸਿਰਫ ਮੱਥੇ ਟੇਕਣਾ ਹੀ ਕਾਫੀ ਨਹੀਂ ਬਲਕਿ ਉਸ ‘ਤੇ ਅਮਲ ਕਰਨਾ ਵੀ ਅਤਿ ਜ਼ਰੂਰੀ ਹੈ।

Related posts

ਸ਼ੇਰਾਂ ਦੇ ਜਬਾੜੇ-ਪਾੜ ਜਰਨੈਲ,ਸਿਖ ਕੋਮ ਦੇ ਮਹਾਨ ਤੇ ਦੁਨੀਆ ਦੇ ਨੰਬਰ ਇਕ ਜਰਨੈਲ ਸਰਦਾਰ ਹਰੀ ਸਿੰਘ ਨਲੂਆ

INP1012

7️⃣ ਅਪ੍ਰੈਲ ,1525 ਜਾਂ 0️⃣6️⃣ ਜਨਵਰੀ,1459 ਜਨਮ ਭਾਈ ਮਰਦਾਨਾ

INP1012

ਗੁਰੂ ਅਰਜਨ ਸਾਹਬਿ ਨੂੰ ਸ਼ਹੀਦ ਕਿਉਂ ਕੀਤਾ ਗਿਆ ਅਤੇ ਇਸ ਦਾ ਪ੍ਰਤੀਕਰਮ ਕੀ ਹੋਇਆ? ਅਵਤਾਰ ਸਿੰਘ ਮਿਸ਼ਨਰੀ (5104325827)

INP1012

Leave a Comment